Image Courtesy :preetnama

ਕਾਬੁਲ: ਅਫ਼ਗ਼ਾਨਿਸਤਾਨ ਦੇ ਨਾਂਗਰਹਾਰ ਸੂਬੇ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਅੰਤਰਰਾਸ਼ਟਰੀ ਅੰਪਾਇਰ ਬਿਸਮਿੱਲਾਹ ਜਾਨ ਸ਼ਿੰਵਾਰੀ ਦੀ ਮੌਤ ਹੋ ਗਈ। 36 ਸਾਲਾ ਬਿਸਮਿੱਲਾਹ ਨੇ ਅਫ਼ਗ਼ਾਨਿਸਤਾਨ ਅਤੇ ਕਈ ਅੰਤਰਰਾਸ਼ਟਰੀ ਮੈਚ ਵਿੱਚ ਅੰਪਾਇਰਿੰਗ ਕੀਤੀ ਹੈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਵੀ ਮੌਤ ਹੋਈ ਹੈ। ਨਾਂਗਰਹਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉੱਲਾਹ ਖੋਗਯਾਨੀ ਨੇ ਇਹ ਜਾਣਕਾਰੀ ਦਿੱਤੀ।
ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਬੰਬ ਧਮਾਕਾ ਨਾਂਗਰਹਾਰ ਸੂਬੇ ਦੇ ਸ਼ਿਨਵਾਰ ਜ਼ਿਲ੍ਹੇ ਵਿੱਚ ਦੁਪਹਿਰ ਬਾਅਦ 12 ਵੱਜ ਕੇ 20 ਮਿੰਟ ‘ਤੇ ਹੋਇਆ। ਅਤਿਵਾਦੀਆਂ ਨੇ ਪੁਲੀਸ ਸਟੇਸ਼ਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਤਹਿਤ ਇਹ ਧਮਾਕਾ ਕੀਤਾ। ਸਥਾਨਕ ਮੀਡੀਆ ਅਨੁਸਾਰ ਇਸ ਹਮਲੇ ਵਿੱਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋਈ ਹੈ ਅਤੇ 30 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਕਿਸੇ ਅਤਿਵਾਦੀ ਸੰਗਠਨ ਨੇ ਹਾਲੇ ਤਕ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ।