ਪੌਲੀਵੁਡ ‘ਚ ਦਿਲਜੀਤ ਦੌਸਾਂਝ ਦਾ ਨਾਂ ਉਨ੍ਹਾਂ ਗਾਇਕਾਂ ‘ਚ ਲਿਆ ਜਾਂਦਾ ਹੈ ਜੋ ਅੱਜ ਆਪਣੀ ਦਮਦਾਰ ਗਾਇਕੀ ਨਾਲ ਲੱਖਾਂ ਦਿਲਾਂ ‘ਤੇ ਰਾਜ ਕਰ ਰਹੇ ਹਨ। ਦਿਲਜੀਤ ਦੌਸਾਂਝ ਦਾ ਜਨਮ 6 ਜਨਵਰੀ 1984 ਨੂੰ ਦੌਸਾਂਝ ਕਲਾਂ ਜਲੰਧਰ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਬਲਬੀਰ ਦੌਸਾਂਝ ਹੈ ਜੋ ਪੰਜਾਬ ਰੋਡਵੇਜ਼ ‘ਚ ਇੱਕ ਕਰਮਚਾਰੀ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਮਾਤਾ ਇੱਕ ਹਾਊਸ ਵਾਈਫ਼ ਹੈ।
ਬਚਪਨ ਤੋਂ ਸੀ ਸੰਗੀਤ ਦਾ ਸ਼ੌਂਕ
ਦਿਲਜੀਤ ਨੇ ਆਪਣੀ ਸਕੂਲੀ ਸਿੱਖਿਆ ਸ੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਉਸ ਨੇ ਸੰਗੀਤ ਦੀ ਸਿੱਖਿਆ ਹਾਸਿਲ ਕਰਨੀ ਸਕੂਲ ‘ਚ ਪੜ੍ਹਾਈ ਕਰਨ ਦੌਰਾਨ ਹੀ ਸ਼ੁਰੂ ਕਰ ਦਿੱਤੀ ਸੀ।
2011 ‘ਚ ਹੋਈ ਪੰਜਾਬੀ ਫ਼ਿਲਮਾਂ ‘ਚ ਐਂਟਰੀ
ਸਾਲ 2011 ‘ਚ ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮਾਂ ‘ਚ ਐਂਟਰੀ ਹੋਈ। ਉਸ ਦੀ ਪਹਿਲੀ ਫ਼ਿਲਮ ਦਾ ਲਾਇਨ ਔਫ਼ ਪੰਜਾਬ ਫ਼ਰਵਰੀ 2011 ‘ਚ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫ਼ਿਲਮ ਬੌਕਸ ਆਫ਼ਿਸ ‘ਤੇ ਫ਼ਲੌਪ ਹੋ ਗਈ ਸੀ, ਪਰ ਫ਼ਿਲਮ ਦੇ ਸਾਉਂਡਟੈਕ ਤੋਂ ਲੱਕ 28 ਕੁੜੀ ਦਾ ਦੇ ਗੀਤ ਨੂੰ ਵੱਡੀ ਸਫ਼ਲਤਾ ਮਿਲੀ। BBC ਦੁਆਰਾ USA ‘ਚ ਪ੍ਰਕਾਸ਼ਿਤ ‘ਚ ਔਫ਼ੀਸ਼ਲ ਏਸ਼ੀਅਨ ਡਾਉਨਲੋਡ ਚਾਰਟ ‘ਤੇ ਇਹ ਗੀਤ ਨੰਬਰ ਇੱਕ ‘ਤੇ ਪਹੁੰਚ ਗਿਆ ਸੀ। ਇਸ ਗੀਤ ‘ਚ ਉਸ ਨਾਲ ਯੋ ਯੋ ਹਨੀ ਸਿੰਘ ਵੀ ਸੀ।
ਜੁਲਾਈ 2011 ‘ਚ ਉਸ ਦੀ ਦੂਜੀ ਪੰਜਾਬੀ ਫ਼ਿਲਮ ਜਿਹਨੇ ਮੇਰਾ ਦਿਲ ਲੁੱਟਿਆ ਰਿਲੀਜ਼ ਹੋਈ। ਇਸ ਫ਼ਿਲਮ ‘ਚ ਪੌਲੀਵੁਡ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਭੂਮਿਕਾ ਵੀ ਸੀ ਅਤੇ ਫ਼ਿਲਮ ਨੇ ਬੌਕਸ ਆਫ਼ਿਸ ‘ਤੇ ਚੰਗਾ ਕਾਰੋਬਾਰ ਕੀਤਾ। ਦਿਲਜੀਤ ਦੋਸਾਂਝ ਨੇ ਫ਼ਿਲਮ ਦੇ ਸਾਉਂਡਟਰੈਕ ‘ਚ ਬਾਰਾਂ ਟਰੈਕਾਂ ‘ਚੋਂ ਛੇ ਗਾਣਿਆਂ ਨੂੰ ਅਵਾਜ਼ ਦਿੱਤੀ। ਉਸੇ ਸਾਲ ਨਵੰਬਰ ‘ਚ ਦਿਲਜੀਤ ਨੇ ਐਲਾਨ ਕੀਤਾ ਕਿ ਉਹ ਆਪਣਾ ਵਿਵਾਦਪੂਰਨ ਐਲਬਮ ਅਰਬਨ ਪੇਂਡੂ ਰਿਲੀਜ਼ ਨਹੀਂ ਕਰੇਗਾ।
ਇਸ਼ਕ ਦਾ ਊੜਾ ਐੜਾ ਨਾਲ ਕੀਤੀ ਸੀ ਗਾਇਕੀ ਦੀ ਸ਼ੁਰੂਆਤ
ਪੰਜਾਬੀ ਗਾਇਕ ਦਿਲਜੀਤ ਦੌਸਾਂਝ ਦਾ ਹਰ ਇੱਕ ਅੰਦਾਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਦਿਲਜੀਤ ਨੇ ਸਾਲ 2000 ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਗਾਇਕੀ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਉਸ ਦੀ ਦਿਲ ਐਲਬਮ ਲੌਂਚ ਕੀਤੀ ਗਈ ਜਿਸ ਨਾਲ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਣ ‘ਚ ਦਿਲਜੀਤ ਕਾਮਯਾਬ ਰਿਹਾ। ਇਸ ਐਲਬਮ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਅਭਿਨੈ ਦੇ ਖੇਤਰ ‘ਚ ਹਾਸਿਲ ਕਰ ਚੁੱਕੈ ਖ਼ਾਸ ਰੁਤਬਾ
ਦਿਲਜੀਤ ਨੇ ਗਾਇਕੀ ਦੇ ਨਾਲ-ਨਾਲ ਅਭਿਨੈ ਦੇ ਖੇਤਰ ‘ਚ ਵੀ ਆਪਣੀ ਇੱਕ ਵੱਖਰੀ ਹੀ ਪਛਾਣ ਬਣਾਈ ਹੈ। ਦਿਲਜੀਤ ਦੌਸਾਂਝ ਨੇ ਹੁਣ ਤਕ ਮੇਲ ਕਰਾਦੇ ਰੱਬਾ, ਦਾ ਲੌਇਨ ਔਫ਼ ਪੰਜਾਬ, ਧਰਤੀ, ਜਿੰਨੇ ਮੇਰਾ ਦਿਲ ਲੁੱਟਿਆ, ਜੱਟ ਐਂਡ ਜੁਲੀਅਟ, ਸਾਡੀ ਲਵ ਸਟੋਰੀ, ਜੱਟ ਐਂਡ ਜੁਲੀਅਟ 2, ਡਿਸਕੋ ਡਾਂਸ, ਪੰਜਾਬ 1984 ਫ਼ਿਲਮਾਂ ‘ਚ ਕੰਮ ਕੀਤਾ ਹੈ।