ਬਿਪਿਨ ਰਾਵਤ ਨੇ ਸੰਭਾਲਿਆ CDS ਦਾ ਅਹੁਦਾ, ਪੀ.ਐੱਮ. ਮੋਦੀ ਨੇ ਦਿੱਤੀ ਵਧਾਈ

ਨਵੀਂ ਦਿੱਲੀ— ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਦੇ ਤੌਰ ‘ਤੇ ਅਹੁਦਾ ਸੰਭਾਲਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਰਲ ਬਿਪਿਨ ਰਾਵਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੀ.ਡੀ.ਐੱਸ. ‘ਤੇ ਦੇਸ਼ ਦੀਆਂ ਤਿੰਨੋਂ ਫੌਜਾਂ ਦਰਮਿਆਨ ਇਕਜੁਟਤਾ ਸਥਾਪਤ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਪੀ.ਐੱਮ. ਮੋਦੀ ਨੇ ਕਿਹਾ ਕਿ ਸੀ.ਡੀ.ਐੱਸ. ‘ਤੇ ਭਾਰਤੀ ਫੌਜਾਂ ਦੇ ਆਧੁਨਿਕੀਕਰਨ ਦਾ ਜ਼ਿੰਮਾ ਹੋਵੇਗਾ। ਉਨ੍ਹਾਂ ‘ਤੇ 1.3 ਅਰਬ ਭਾਰਤੀਆਂ ਦੀਆਂ ਉਮੀਦਾਂ ਦਾ ਬੋਝ ਹੈ।
ਬਿਪਿਨ ਇਕ ਬਿਹਤਰੀਨ ਅਧਿਕਾਰੀ ਹਨ
ਪੀ.ਐੱਮ. ਮੋਦੀ ਨੇ ਟਵੀਟ ਕੀਤਾ,”15 ਅਗਸਤ 2019 ਨੂੰ ਲਾਲ ਕਿਲੇ ਦੇ ਪ੍ਰਾਚੀਰ ਤੋਂ ਮੈਂ ਦੇਸ਼ ‘ਚ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਇਸ ਸੰਸਥਾ ‘ਤੇ ਫੌਜਾਂ ਦੇ ਆਧੁਨਿਕੀਕਰਨ ਦੀ ਜ਼ਿੰਮੇਵਾਰੀ ਹੋਵੇਗੀ।” ਪੀ.ਐੱਮ. ਮੋਦੀ ਨੇ ਲਿਖਿਆ,”ਨਵੇਂ ਸਾਲ ਅਤੇ ਨਵੇਂ ਦਹਾਕੇ ਦੀ ਸ਼ੁਰੂਆਤ ਮੌਕੇ ਭਾਰਤ ਨੂੰ ਨਵਾਂ ਚੀਫ਼ ਆਫ ਡਿਫੈਂਸ ਸਟਾਫ ਮਿਲਿਆ ਹੈ। ਮੈਂ ਜਨਰਲ ਬਿਪਿਨ ਰਾਵਤ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਹ ਪੂਰੇ ਜਜ਼ਬੇ ਨਾਲ ਕੰਮ ਕਰਨ ਵਾਲੇ ਇਕ ਬਿਹਤਰੀਨ ਅਧਿਕਾਰੀ ਰਹੇ ਹਨ।”
ਮੈਂ ਦੇਸ਼ ਲਈ ਸ਼ਹੀਦ ਹੋਏ ਫੌਜੀਆਂ ਨੂੰ ਨਮਨ ਕਰਦਾ ਹਾਂ
ਪੀ.ਐੱਮ. ਮੋਦੀ ਨੇ ਕਿਹਾ ਕਿ ਪਹਿਲੇ ਸੀ.ਡੀ.ਐੱਸ. ਦਾ ਅਹੁਦਾ ਸੰਭਾਲਣ ਮੌਕੇ ਮੈਂ ਦੇਸ਼ ਲਈ ਸ਼ਹੀਦ ਹੋਏ ਫੌਜੀਆਂ ਨੂੰ ਨਮਨ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਕਾਰਗਿਲ ਦੇ ਸ਼ਹੀਦਾਂ ਨੂੰ ਨਮਨ ਕਰਨ ਦਾ ਮੌਕਾ ਹੈ। ਇਸ ਯੁੱਧ ਦੇ ਬਾਅਦ ਹੀ ਇਸ ਤਬਦੀਲੀ ਦੀ ਨੀਂਹ ਪਈ ਸੀ, ਜੋ ਅੱਜ ਅਮਲ ‘ਚ ਲਿਆਂਦਾ ਗਿਆ ਹੈ। ਪੀ.ਐੱਮ. ਮੋਦੀ ਨੇ ਚੀਫ ਆਫ ਡਿਫੈਂਸ ਸਟਾਫ਼ ਦੀ ਨਿਯੁਕਤੀ ਦੀ ਅਹਿਮੀਅਤ ਦੱਸਦੇ ਹੋਏ ਕਿਹਾ ਕਿ ਇਸ ਨਾਲ ਨਵੀਆਂ ਚੁਣੌਤੀਆਂ ਨਾਲ ਨਿਪਟਿਆ ਜਾ ਸਕੇਗਾ। ਉਨ੍ਹਾਂ ਨੇ ਕਿਹਾ,”ਇਹ ਇਕ ਵੱਡਾ ਸੁਧਾਰ ਹੈ। ਇਸ ਤੋਂ ਭਾਰਤ ਨੂੰ ਯੁੱਧ ਖੇਤਰ ‘ਚ ਸਾਹਮਣੇ ਆ ਰਹੀਆਂ ਨਵੀਆਂ ਚੁਣੌਤੀਆਂ ਨਾਲ ਨਿਪਟਣ ‘ਚ ਮਦਦ ਮਿਲੇਗੀ।”