CAA ਦੇ ਸਮਰਥਨ ‘ਚ ਪੀ.ਐੱਮ. ਮੋਦੀ ਨੇ ਸ਼ੁਰੂ ਕੀਤਾ ਟਵਿੱਟਰ ਕੈਂਪੇਨ

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਹੋ ਰਹੇ ਹੰਗਾਮੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ #IndiaSupportsCAA ਮੁਹਿੰਮ ਸ਼ੁਰੂ ਕੀਤੀ ਹੈ। ਮੋਦੀ ਨੇ #IndiaSupportsCAA ਟਵੀਟ ਕਰਦੇ ਹੋਏ ਲਿਖਿਆ ਹੈ, ਕਿਉਂਕਿ ਸੀ.ਏ.ਏ. ਪਰੇਸ਼ਾਨ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੰਦਾ ਹੈ ਅਤੇ ਇਹ ਕਿਸੇ ਦੀ ਨਾਗਰਿਕਤਾ ਖੋਂਹਦਾ ਨਹੀਂ ਹੈ। ਨਮੋ ਐਪ ਦੇ ਵਲੰਟੀਅਰ ਮਾਡਿਊਲ ਦੇ ਵਾਈਸ ਸੈਕਸ਼ਨ ‘ਚ ਮਜ਼ੇਦਾਰ ਕੰਟੈਂਟ, ਗ੍ਰਾਫਿਕਸ ਅਤੇ ਹੋਰ ਨੂੰ ਦੇਖਣ ਲਈ ਇਸ ਹੈਸ਼ਟੈੱਗ ਨੂੰ ਦੇਖੋ। ਪੀ.ਐੱਮ. ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਇਸ ਹੈਸ਼ਟੈੱਗ ਰਾਹੀਂ ਸੀ.ਏ.ਏ. ਦੇ ਪੱਖ ‘ਚ ਆਪਣਾ ਸਮਰਥਨ ਦਿਓ।
ਦੱਸਣਯੋਗ ਹੈ ਕਿ ਸੀ.ਏ.ਏ. ਦਾ ਕਾਂਗਰਸ, ਟੀ.ਐੱਮ.ਸੀ. ਸਮੇਤ ਲਗਭਗ ਸਾਰੇ ਵਿਰੋਧੀ ਦਲ ਵਿਰੋਧ ਕਰ ਰਹੇ ਹਨ। ਰਾਜਧਾਨੀ ਦਿੱਲੀ, ਯੂ.ਪੀ., ਪੱਛਮੀ ਬੰਗਾਲ, ਬਿਹਾਰ, ਆਸਾਮ ‘ਚ ਇਸ ਐਕਟ ਦੇ ਵਿਰੋਧ ‘ਚ ਜ਼ੋਰਦਾਰ ਪ੍ਰਦਰਸ਼ਨ ਹੋਏ ਸਨ। ਯੂ.ਪੀ. ‘ਚ ਤਾਂ ਇਨ੍ਹਾਂ ਪ੍ਰਦਰਸ਼ਨਾਂ ‘ਚ 19 ਲੋਕ ਮਾਰੇ ਗਏ ਸਨ। ਦਿੱਲੀ ‘ਚ ਵੀ ਹਿੰਸਕ ਪ੍ਰਦਰਸ਼ਨ ਹੋਏ ਸਨ। ਵਿਰੋਧੀ ਦਲ ਸਰਕਾਰ ਤੋ ਇਸ ਐਕਟ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਪੀ.ਐੱਮ. ਮੋਦੀ ਦੇ ਇਸ ਟਵੀਟ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੱਤਾਧਾਰੀ ਸਰਕਾਰ ਵੀ ਇਸ ਐਕਟ ਨੂੰ ਲੈ ਕੇ ਹੁਣ ਵੱਡੀ ਮੁਹਿੰਮ ਸ਼ੁਰੂ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਦਬਾਅ ਦੇ ਅੱਗੇ ਨਾ ਝੁਕਦੇ ਹੋਏ ਪੀ.ਐੱਮ. ਨੇ ਇਸ ਐਕਟ ਬਾਰੇ ਲੋਕਾਂ ਨੂੰ ਦੱਸਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ। ਪੀ.ਐੱਮ. ਨੇ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਟਵਿੱਟਰ ਹੈਂਡਲ @narendramodi ਤੋਂ ਸਦਗੁਰੂ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।