ਪ੍ਰਿਯੰਕਾ ਗਾਂਧੀ ਦੀ ਸੁਰੱਖਿਆ ‘ਚ ਨਹੀਂ ਹੋਈ ਕੋਈ ਚੂਕ : CRPF

ਨਵੀਂ ਦਿੱਲੀ— ਸੀ.ਆਰ.ਪੀ.ਐੱਫ. ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਲਖਨਊ ਦੇ ਹਾਲੀਆ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਚੂਕ ਨਹੀਂ ਹੋਈ। ਨਾਲ ਹੀ ਫੋਰਸ ਨੇ ਪ੍ਰਿਯੰਕਾ ਗਾਂਧੀ ‘ਤੇ ਸਕੂਟਰ ਦੇ ਪਿੱਛੇ ਬੈਠ ਕੇ ਯਾਤਰਾ ਕਰਨ, ਸੁਰੱਖਿਆ ਮਾਨਕਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਪ੍ਰਿਯੰਕਾ ਨੂੰ ਮਿਲੀ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ਦੇ ਅਧੀਨ ਉਨ੍ਹਾਂ ਨੂੰ ਹਥਿਆਰਬੰਦ ਕਮਾਂਡੋ ਮੁਹੱਈਆ ਕਰਵਾਉਣ ਵਾਲੀ ਫੋਰਸ ਨੇ ਇਕ ਬਿਆਨ ‘ਚ ਕਿਹਾ ਕਿ ਕਾਂਗਰਸ ਨੇਤਾ ਨੇ ਬਿਨਾਂ ਸੂਚਨਾ ਦਿੱਤੇ ਯਾਤਰਾ ਕੀਤੀ, ਇਸ ਲਈ ਸੁਰੱਖਿਆ ਦੇ ਇੰਤਜ਼ਾਮ ਪਹਿਲਾਂ ਤੋਂ ਨਹੀਂ ਕੀਤੇ ਜਾ ਸਕੇ। ਬਿਆਨ ‘ਚ ਕਿਹਾ ਗਿਆ ਹੈ,”ਯਾਤਰਾ ਦੌਰਾਨ ਉਨ੍ਹਾਂ ਨੇ ਬਿਨਾਂ ਨਿੱਜੀ ਸੁਰੱਖਿਆ ਦੇ, ਉਸ ਗੈਰ-ਫੌਜੀ ਵਾਹਨ ਦੀ ਵਰਤੋਂ ਕੀਤੀ, ਜੋ ਬੁਲੇਟ ਰੋਧੀ ਨਹੀਂ ਸੀ।”
ਇਸ ਬਿਆਨ ਅਨੁਸਾਰ, ਪ੍ਰਿਯੰਕਾ ਨੇ ਸਕੂਟੀ ‘ਤੇ ਲਿਫਟ ਲਈ, ਉਹ ਸਕੂਟੀ ‘ਤੇ ਪਿੱਛੇ ਬੈਠ ਕੇ ਚੱਲੀ ਗਈ। ਸੀ.ਆਰ.ਪੀ.ਐੱਫ. ਨੇ ਕਿਹਾ ਕਿ ਸੁਰੱਖਿਆ ਰੁਕਾਵਟ ਦੇ ਬਾਵਜੂਦ ਉਸ ਨੇ ਕਾਂਗਰਸ ਨੇਤਾ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ। ਉਸ ਨੇ ਕਿਹਾ,”ਸੁਰੱਖਿਆ ਪ੍ਰਾਪਤ ਵਿਅਕਤੀ ਨੂੰ ਅਜਿਹੀ ਚੂਕ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਬੰਦੋਬਸਤ ਯਕੀਨੀ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।” ਪ੍ਰਿਯੰਕਾ 28 ਦਸੰਬਰ ਨੂੰ ਲਖਨਊ ‘ਚ ਸੀ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਥਾਨਕ ਪੁਲਸ ਨੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਅੱਗੇ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ।