ਭਾਈ ਦਾਦੂਵਾਲ ਨੇ ਘੇਰੀ ਕਾਂਗਰਸ, ਮਨਪ੍ਰੀਤ ਬਾਦਲ ‘ਤੇ ਮੜ੍ਹੇ ਦੋਸ਼

ਬਠਿੰਡਾ  : ਨਵੇਂ ਸਾਲ ਮੌਕੇ ਬਠਿੰਡਾ ਦੇ ਸਿਵਲ ਲਾਈਨ ਕਲੱਬ ‘ਚ ਰੱਖੇ ਗਏ ਪ੍ਰੋਗਰਾਮ ਦੇ ਚੱਲਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ‘ਤੇ ਵੱਡਾ ਹਮਲਾ ਬੋਲਿਆ ਹੈ। ਭਾਈ ਦਾਦੂਵਾਲ ਦਾ ਕਹਿਣਾ ਹੈ ਕਿ ਜਿੱਥੇ ਦੇਸ਼-ਵਿਦੇਸ਼ ਵਿਚ ਸ਼ਹੀਦਾਂ ਦੇ ਦਿਹਾੜੇ ਮਨਾਏ ਜਾ ਰਹੇ ਹਨ, ਉਥੇ ਹੀ ਕਾਂਗਰਸ ਸਰਕਾਰ ਦਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਹੀਦਾਂ ਦੀ ਯਾਦਗਾਰ ‘ਤੇ ਨਾਚ-ਗਾਣੇ ਅਤੇ ਭੰਗੜੇ ਪਾਉਣ ਜਾ ਰਿਹਾ ਹੈ ਜੋ ਸਿੱਖ ਸੰਗਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਰਾਜੋਆਣਾ ਵੱਲੋਂ ਜੇਲ ਵਿਚ ਭੁੱਖ ਹੜਤਾਲ ਰੱਖਣ ਦੇ ਮਾਮਲੇ ‘ਤੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਕੀ ਹੈ ਮਾਮਲਾ
ਦਰਅਸਲ ਸਿਵਲ ਲਾਈਨ ਕਲੱਬ ਵਿਚ ਬਠਿੰਡਾ ਪ੍ਰਸ਼ਾਸਨ ਵੱਲੋਂ ਨਵੇਂ ਸਾਲ ਦੇ ਮੌਕੇ ‘ਤੇ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦਾਦੂਵਾਲ ਦਾ ਕਹਿਣਾ ਹੈ ਕਿ ਸਿਵਲ ਲਾਈਨ ਕਲੱਬ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੇ ਹਿੱਸੇ ਆਉਂਦਾ ਹੈ ਕਿਉਂਕਿ ਇਸ ਜਗ੍ਹਾ ਉੱਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਸੀ, ਜਿੰਨੀ ਵੀ ਇਸ ਲਾਇਬ੍ਰੇਰੀ ਦੀ ਜਗ੍ਹਾ ਹੈ, ਕਿਤੇ ਵੀ ਕੋਈ ਸ਼ਰਾਬ-ਮੀਟ ਅਤੇ ਹੋਰ ਤਰ੍ਹਾਂ ਦੇ ਮਾਸਾਹਾਰੀ ਆਦਿ ਦਾ ਪ੍ਰੋਗਰਾਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਨਵੇਂ ਸਾਲ ਮੌਕੇ ਕਰਵਾਇਆ ਜਾ ਰਿਹਾ ਇਹ ਪ੍ਰੋਗਰਾਮ ਮਨਪ੍ਰੀਤ ਬਾਦਲ ਦੀ ਸ਼ਹਿ ਉੱਤੇ ਕਰਵਾਇਆ ਜਾ ਰਿਹਾ ਹੈ।
ਦਾਦੂਵਾਲ ਨੇ ਕਿਹਾ ਕਿ ਇਸ ਜਗ੍ਹਾ ‘ਤੇ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਦਾ ਸਮਾਂ ਚੱਲ ਰਿਹਾ ਹੈ, ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਜੋ ਕਿ ਸ਼ਹੀਦਾਂ ਦੀ ਬੇਅਦਬੀ ਕਰਦਾ ਹੋਵੇ। ਦਾਦੂਵਾਲ ਨੇ ਕਿਹਾ ਕਿ ਇਕ ਪਾਸੇ ਜਿੱਥੇ ਸਾਰੀ ਸਿੱਖ ਕੌਮ ਸ਼ਹੀਦੀ ਦਿਹਾੜੇ ‘ਚ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ, ਉਥੇ ਹੀ ਕਾਂਗਰਸ ਦੇ ਮੰਤਰੀ ਅਜਿਹੇ ਪ੍ਰੋਗਰਾਮ ਰੱਖ ਕੇ ਖੁਸ਼ੀ ਮਨਾ ਰਹੇ ਹਨ।