ਕਾਸ਼ੀ ‘ਚ CM ਯੋਗੀ ਨੇ ਸ਼ੈਲਟਰ ਹਾਊਸ ਦਾ ਅਚਾਨਕ ਕੀਤਾ ਦੌਰਾ

ਲਖਨਊ—ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸ਼ੁੱਕਰਵਾਰ ਦੇਰ ਰਾਤ ਵਾਰਾਣਸੀ ‘ਚ ਸ਼ੈਲਟਰ ਹਾਊਸ ਦਾ ਅਚਾਨਕ ਦੌਰਾ ਕੀਤਾ ਅਤੇ ਠੰਡ ਨਾਲ ਕੰਬਦੇ ਗਰੀਬ ਲੋਕਾਂ ਨੂੰ ਕੰਬਲ ਵੰਡੇ। ਦੱਸ ਦੇਈਏ ਕਿ ਮੁੱਖ ਮੰਤਰੀ ਯੋਗੀ ਨੇ ਸਰਕਿਟ ਹਾਊਸ ‘ਚ ਵਿਕਾਸ ਅਤੇ ਕਾਨੂੰਨ ਵਿਵਸਥਾ ਦੀ ਬੈਠਕ ਕਰਨ ਤੋਂ ਬਾਅਦ ਮੈਦਾਗਿਨ ਸਥਿਤ ਟਾਊਨ ਹਾਲ ਮੈਦਾਨ ‘ਚ ਬਣਾਏ ਗਏ ਸ਼ੈਲਟਰ ਹਾਊਸ ਪਹੁੰਚੇ ਅਤੇ ਉੱਥੋ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸ਼ੈਲਟਰ ਹਾਊਸ ‘ਚ ਰਹਿਣ ਵਾਲੇ ਲੋਕਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਕੰਬਲ ਵੀ ਵੰਡੇ।
ਮੁੱਖ ਮੰਤਰੀ ਨੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ‘ਚ ਦਰਸ਼ਨ ਪੂਜਨ ਕਰਨ ਤੋਂ ਬਾਅਦ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੀ ਜਾਂਚ ਕੀਤੀ। ਉਨ੍ਹਾਂ ਨੇ ਕੋਰੀਡੋਰ ਦੀ ਜਾਂਚ ਦੌਰਾਨ ਮੌਕੇ ‘ਤੇ ਮੌਜੂਦ ਸਫਾਈ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਵੀ ਕੰਬਲ ਵੰਡੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨੁਕਸਾਨੇ ਸਿਗਰਾ-ਮਹਿਸੂਰਗੰਜ ਮਾਰਗ ਦੀ ਵੀ ਜਾਂਚ ਕੀਤੀ। ਜਲ ਨਿਗਮ ਦੁਆਰਾ ਇਸ ਮਾਰਗ ‘ਤੇ 2 ਸਥਾਨਾਂ ‘ਤੇ ਕੀਤੀ ਗਈ ਖੁਦਾਈ ਨੂੰ ਵੀ ਉਨ੍ਹਾਂ ਨੇ ਸਪਾਟ ‘ਤੇ ਜਾ ਕੇ ਦੇਖਿਆ।
ਸ਼੍ਰੀ ਯੋਗੀ ਨੇ ਉਸਾਰੀ ਅਧੀਨ ਚੌਕਾਘਾਟ-ਲਹਿਰਤਾਰਾ ਫਲਾਈਓਵਰ ਦੀ ਵੀ ਜਾਂਚ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਗਲੇ ਸਾਲ 15 ਜਨਵਰੀ ਤੱਕ ਫਲਾਈਓਵਰ ਆਮ ਜਨਤਾ ਲਈ ਚਾਲੂ ਕਰ ਦਿੱਤਾ ਜਾਵੇਗਾ। ਜਾਂਚ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਮਾਣ ਕੰਮਾਂ ‘ਤੇ ਤਿੱਖੀ ਨਜ਼ਰ ਰੱਖਣ ਦੇ ਨਾਲ-ਨਾਲ ਕੰਮਾਂ ਦੌਰਾਨ ਸੁਰੱਖਿਆ ਦਾ ਪਾਲਣ ਯਕੀਨੀ ਕਰਵਾਏ ਜਾਣ ਦਾ ਨਿਰਦੇਸ਼ ਦਿੱਤਾ। ਦੱਸਣਯੋਗ ਹੈ ਕਿ ਸਮੁੱਚਾ ਉਤਰੀ ਭਾਰਤ ਇਨ੍ਹਾਂ ਦਿਨ੍ਹਾਂ ‘ਚ ਠੰਡ ਨਾਲ ਕੰਬ ਰਿਹਾ ਹੈ। ਹੱਡੀਆਂ ਨੂੰ ਜਮਾ ਦੇਣ ਵਾਲੀ ਇਸ ਠੰਡ ਕਾਰਨ ਉਤਰ ਪ੍ਰਦੇਸ਼ ‘ਚ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ।