ਮਹਾਰਾਸ਼ਟਰ : ‘ਮੈਂ ਸਾਵਰਕਰ ਹਾਂ’ ਦੀ ਟੋਪੀ ਪਹਿਨ ਕੇ ਵਿਧਾਨ ਸਭਾ ਪੁੱਜੇ ਭਾਜਪਾ ਵਿਧਾਇਕ ਤੇ ਫੜਨਵੀਸ

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ‘ਸਾਵਰਕਰ’ ਬਿਆਨ ‘ਤੇ ਹੰਗਾਮਾ ਹੋ ਰਿਹਾ ਹੈ। ਨਾਗਪੁਰ ‘ਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ‘ਚ ਹਿੱਸਾ ਲੈਣ ਪੁੱਜੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਭਾਜਪਾ ਵਿਧਾਇਕਾਂ ਨੇ ‘ਮੈਂ ਵੀ ਸਾਵਰਕਰ’ ਟੋਪੀ ਪਾਈ ਹੈ। ਦਰਅਸਲ ਰਾਹੁਲ ਗਾਂਧੀ ਨੇ ਦਿੱਲੀ ਰੈਲੀ ਦੌਰਾਨ ਕਿਹਾ ਸੀ ਕਿ ਮੈਂ ਰਾਹੁਲ ਸਾਵਰਕਰ ਨਹੀਂ ਹਾਂ, ਜੋ ਮੁਆਫ਼ੀ ਮੰਗਾਂਗਾ। ਰਾਹੁਲ ਦਾ ਇਹ ਬਿਆਨ ਭਾਜਪਾ ਦੇ ਨਾਲ ਹੀ ਸ਼ਿਵਸੈਨਾ ਨੂੰ ਵੀ ਰਾਸ ਨਹੀਂ ਆਇਆ ਸੀ।
ਸਾਵਰਕਰ ਦਾ ਮੁੱਦਾ ਸੈਸ਼ਨ ‘ਚ ਹੰਗਾਮਾ ਖੜ੍ਹਾ ਕਰ ਸਕਦੈ
ਸੋਮਵਾਰ ਨੂੰ ਸੈਸ਼ਨ ਸ਼ੁਰੂ ਹੁੰਦੇ ਹੀ ਭਾਜਪਾ ਵਿਧਾਇਕਾਂ ਨੇ ਮਹਾਰਾਸ਼ਟਰ ਵਿਕਾਸ ਅਘਾੜੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦਾ ਰੁਖ ਦੇਖਦੇ ਹੋਏ ਸਾਫ਼ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਹੰਗਾਮੇਦਾਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਦੇ ਸੰਕੇਤ ਦੇ ਦਿੱਤੇ ਸਨ। ਸੈਸ਼ਨ ਦੇ ਪਹਿਲੇ ਹੀ ਦਿਨ ਸਾਵਰਕਰ ਅਤੇ ਕਿਸਾਨਾਂ ਦਾ ਮੁੱਦਾ ਸੈਸ਼ਨ ‘ਚ ਹੰਗਾਮਾ ਖੜ੍ਹਾ ਕਰ ਸਕਦਾ ਹੈ।
ਰਾਹੁਲ ਨੇ ਦਿੱਤਾ ਸੀ ਇਹ ਬਿਆਨ
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਭਾਜਪਾ ਦੀ ਮੁਆਫ਼ੀ ਦੀ ਮੰਗ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਨਾਂ ਰਾਹੁਲ ਸਾਵਰਕਰ ਨਹੀਂ ਹੈ, ਉਹ ਰਾਹੁਲ ਗਾਂਧੀ ਹੈ ਅਤੇ ਮੁਆਫ਼ੀ ਨਹੀਂ ਮੰਗਣਗੇ। ਰਾਹੁਲ ਦਿੱਲੀ ‘ਚ ਪਾਰਟੀ ਵਲੋਂ ਰਾਮਲੀਲਾ ਮੈਦਾਨ ‘ਚ ਆਯੋਜਿਤ ‘ਭਾਰਤ ਬਚਾਓ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ,”ਕੱਲ ਸੰਸਦ ‘ਚ ਭਾਜਪਾ ਦੇ ਨੇਤਾ ਮੇਰੇ ਤੋਂ ਮੁਆਫ਼ੀ ਦੀ ਮੰਗ ਕਰ ਰਹੇ ਸਨ ਪਰ ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰਾ ਨਾਂ ਰਾਹੁਲ ਸਾਵਰਕਰ ਨਹੀਂ ਹੈ, ਮੈਂ ਰਾਹੁਲ ਗਾਂਧੀ ਹਾਂ, ਮੈਂ ਮੁਆਫ਼ੀ ਨਹੀਂ ਮੰਗਾਂਗਾ।”
ਸ਼ਿਵ ਸੈਨਾ ਜ਼ਾਹਰ ਕੀਤੀ ਨਾਰਾਜ਼ਗੀ
ਰਾਹੁਲ ਗਾਂਧੀ ਦੇ ਹਿੰਦੂਵਾਦੀ ਨੇਤਾ ਵਿਨਾਇਕ ਦਾਮੋਦਰ ਸਾਵਰਕਰ ‘ਤੇ ਨਿਸ਼ਾਨਾ ਸਾਧਿਆ ਤਾਂ ਮਹਾਰਾਸ਼ਟਰ ‘ਚ ਗਠਜੋੜ ਸਹਿਯੋਗੀ ਸ਼ਿਵ ਸੈਨਾ ਨੇ ਉਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਸ਼ਿਵ ਸੈਨਾ ਨੇ ਰਾਹੁਲ ਦਾ ਬਿਨਾਂ ਨਾਂ ਲਏ ਉਨ੍ਹਾਂ ਨੂੰ ਸਾਵਰਕਰ ਦਾ ਅਪਮਾਨ ਨਾ ਕਰਨ ਦੀ ਨਸੀਹਤ ਦਿੱਤੀ। ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਮਰਾਠੀ ‘ਚ ਟਵੀਟ ਕੀਤਾ,”ਅਸੀਂ ਪੰਡਤ ਨਹਿਰੂ, ਮਹਾਤਮਾ ਗਾਂਧੀ ਨੂੰ ਵੀ ਮੰਨਦੇ ਹਨ, ਤੁਸੀਂ ਵੀਰ ਸਾਵਰਕਰ ਦਾ ਅਪਮਾਨ ਨਾ ਕਰੋ। ਬੁੱਧੀਮਾਨ ਲੋਕਾਂ ਨੂੰ ਵਧ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ।” ਦੂਜੇ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ਵੀਰ ਸਾਵਰਕਰ ਮਹਾਰਾਸ਼ਟਰ ਹੀ ਨਹੀਂ, ਪੂਰੇ ਦੇਸ਼ ਲਈ ਪੂਜਨੀਯ ਹਨ।