ਨਾਗਰਿਕਤਾ ਸੋਧ ਬਿੱਲ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ : ਬਲਬੀਰ ਸਿੱਧੂ

ਜਲੰਧਰ — ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸੰਸਦ ‘ਚ ਪਾਸ ਕਰਵਾਇਆ ਗਿਆ ਨਾਗਰਿਕਤਾ ਸੋਧ ਬਿੱਲ ਅਸਲ ‘ਚ ਦੇਸ਼ ਨੂੰ ਤੋੜਨ ਦੀ ਇਕ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਪਾਸ ਕਰਵਾਉਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਉੱਤਰ-ਪੂਰਬੀ ਭਾਰਤ ‘ਚ ਹਿੰਸਾ ਹੋ ਰਹੀ ਹੈ, ਉਸ ਨੂੰ ਦੇਖਦੇ ਹੋਏ ਸਪੱਸ਼ਟ ਹੈ ਕਿ ਦੇਸ਼ ਦੇ ਲੋਕਾਂ ਨੇ ਇਸ ਬਿੱਲ ਨੂੰ ਮਨਜ਼ੂਰ ਨਹੀਂ ਕੀਤਾ ਹੈ ਪਰ ਕਿਉਂਕਿ ਭਾਜਪਾ ਕੋਲ ਸੰਸਦ ‘ਚ ਬਹੁਮਤ ਹੈ, ਇਸ ਲਈ ਉਹ ਇਸ ਬਿੱਲ ਨੂੰ ਜਬਰੀ ਦੇਸ਼ ‘ਤੇ ਥੋਪ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਅਸਲ ‘ਚ ਦੇਸ਼ ‘ਚ ਰਹਿਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਾਲੇ ਆਪਸੀ ਭੇਦਭਾਵ ਨੂੰ ਵਧਾਉਣ ਵਾਲਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਬਿੱਲ ਨੂੰ ਲੈ ਕੇ ਲਏ ਗਏ ਸਟੈਂਡ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਕੈਪਟਨ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਇਸ ਬਿੱਲ ਨੂੰ ਲਾਗੂ ਕਰਨ ਨਾਲ ਦੇਸ਼ ‘ਚ ਸੰਵਿਧਾਨ ਤੇ ਲੋਕਤੰਤਰੀ ਢਾਂਚੇ ਨੂੰ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਬਿੱਲ ‘ਤੇ ਲਏ ਗਏ ਸਟੈਂਡ ਰਾਹੀਂ ਇਕ ਸੰਦੇਸ਼ ਇਹ ਵੀ ਗਿਆ ਹੈ ਕਿ ਕਾਂਗਰਸ ਹੀ ਦੇਸ਼ ‘ਚ ਸੰਵਿਧਾਨ ਤੇ ਲੋਕਤੰਤਰ ਦੀ ਰੱਖਿਆ ਕਰ ਸਕਦੀ ਹੈ। ਸ. ਬਲਬੀਰ ਸਿੰਘ ਨੇ ਕਿਹਾ ਿਕ ਦਿੱਲੀ ‘ਚ ਕਾਂਗਰਸ ਵਲੋਂ ਕੱਲ ਕੀਤੀ ਗਈ ਵਿਸ਼ਾਲ ਰੈਲੀ ਨਾਲ ਭਾਜਪਾ ਤੇ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ ਕਿਉਂਕਿ ਵਰਖਾ ਦੇ ਬਾਵਜੂਦ ਜਿਸ ਤਰ੍ਹਾਂ ਲੋਕ ਉਥੇ ਡਟੇ ਰਹੇ, ਉਹ ਇਤਿਹਾਸਕ ਪਲ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨਾਗਰਿਕਤਾ ਸੋਧ ਬਿੱਲ ਨੂੰ ਰੱਦ ਕਰ ਦੇਣਾ ਚਾਹੀਦਾ ਹੈ।