ਹੈਦਰਾਬਾਦ— ਹੈਦਰਾਬਾਦ ‘ਚ ਵੈਟਰਨਰੀ (ਪਸ਼ੂਆਂ) ਡਾਕਟਰ ਦੀ ਰੇਪ ਤੋਂ ਬਾਅਦ ਕਤਲ ਦੀ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਡਾਕਟਰ ਦੀ ਘਟਨਾ ਨੂੰ ਲੈ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ। ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਦੇ ਸ਼ਾਦਨਗਰ ਥਾਣੇ ਵਿਚ ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਰੱਖਿਆ। ਇਸ ਦੌਰਾਨ ਸ਼ਨੀਵਾਰ ਨੂੰ ਲੋਕਾਂ ਨੇ ਥਾਣੇ ਨੂੰ ਘੇਰ ਲਿਆ ਅਤੇ ਚੱਪਲਾਂ ਸੁੱਟੀਆਂ। ਪੁਲਸ ਨੇ ਭੀੜ ‘ਤੇ ਕਾਬੂ ਪਾਉਣ ਲਈ ਲਾਠੀਚਾਰਜ ਵੀ ਕੀਤਾ। ਇਸ ਤੋਂ ਬਾਅਦ ਵੀ ਲੋਕ ਥਾਣੇ ਨੇੜਿਓਂ ਨਹੀਂ ਹਟ ਰਹੇ ਸਨ। ਇਸ ਤੋਂ ਬਾਅਦ ਪੁਲਸ ਨੇ ਫੜੇ ਮੁਲਜ਼ਮਾਂ ਅਤੇ ਥਾਣੇ ਦੀ ਸੁਰੱਖਿਆ ਲਈ ਹੋਰ ਫੋਰਸ ਤਾਇਨਾਤ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਫੜੇ ਮੁਲਜ਼ਮਾਂ ਨੂੰ ਲੋਕਾਂ ਦੀ ਭੀੜ ਦੇ ਗੁੱਸੇ ਤੋਂ ਬਚਾਉਣ ਲਈ ਥਾਣੇ ਨੂੰ ਬੰਦ ਕਰ ਲਿਆ। ਲੋਕ ਇੱਥੇ ਸ਼ੁੱਕਰਵਾਰ ਸਵੇਰ ਤੋਂ ਹੀ ਪ੍ਰਦਰਸ਼ਨ ਕਰ ਰਹੇ ਸਨ। ਉਹ ਜਨਤਾ ਦੇ ਸਾਹਮਣੇ ਹੀ ਮੁਲਜ਼ਮਾਂ ਨੂੰ ਫ਼ਾਂਸੀ ਉੱਤੇ ਲਟਕਾਉਣ ਦੀ ਮੰਗ ਕਰ ਰਹੇ ਸਨ।
ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਸ ਮੁਲਜ਼ਮਾਂ ਨੂੰ ਮਹਿਬੂਬਨਗਰ ਦੀ ਫਾਸਟ ਟਰੈਕ ਕੋਰਟ ਵਿਚ ਪੇਸ਼ ਨਹੀਂ ਕਰ ਸਕੀ। ਪੁਲਸ ਨੂੰ ਥਾਣੇ ਵਿਚ ਹੀ ਮੈਜਿਸਟਰੇਟ ਨੂੰ ਬੁਲਾਉਣਾ ਪਿਆ ਅਤੇ ਮੁਲਜ਼ਮਾਂ ਦੇ ਬਿਆਨ ਦਰਜ ਕਰਵਾਏ ਗਏ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਮੈਡੀਕਲ ਕਰਾਉਣ ਲਈ ਪੁਲਸ ਸ਼ਾਦਨਗਰ ਥਾਣੇ ਦੇ ਪਿਛਲੇ ਦਰਵਾਜ਼ੇ ਤੋਂ ਡਾਕਟਰਾਂ ਦੀ ਟੀਮ ਨੂੰ ਲਿਆਈ ਅਤੇ ਉਨ੍ਹਾਂ ਦਾ ਮੈਡੀਕਲ ਕਰਵਾਇਆ। ਪੁਲਸ ਹੁਣ ਮੌਕਾ ਮਿਲਦੇ ਹੀ ਚਾਰਾਂ ਮੁਲਜ਼ਮਾਂ ਨੂੰ ਮਹਿਬੂਬਨਗਰ ਜੇਲ ਵਿਚ ਸ਼ਿਫਟ ਕਰ ਸਕਦੀ ਹੈ। ਮੁਲਜ਼ਮਾਂ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿਚ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ‘ਚ ਕੰਮ ਕਰਨ ਵਾਲੀ ਡਾਕਟਰ ਨਾਲ ਵੀਰਵਾਰ ਰਾਤ ਸ਼ਹਿਰ ਦੇ ਬਾਹਰੀ ਇਲਾਕੇ ‘ਚ 4 ਲੋਕਾਂ ਨੇ ਬਲਾਤਕਾਰ ਕੀਤਾ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਸੀ। ਬਾਅਦ ਵਿਚ 25 ਸਾਲ ਦੀ ਇਸ ਮਹਿਲਾ ਡਾਕਟਰ ਦੀ ਝੁਲਸੀ ਹੋਈ ਲਾਸ਼ ਬਰਾਮਦ ਹੋਈ ਸੀ। ਚਾਰੋਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।