ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ‘ਚ ਬੇਰਹਿਮ ਸ਼ਾਸਕ ਔਰੰਗਜ਼ੇਬ ਵਿਰੁੱਧ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਦਰਅਸਲ ਔਰੰਗਜ਼ੇਬ ਦੇ ਨਾਂ ‘ਤੇ ਦਿੱਲੀ ‘ਚ ਇਕ ਸੜਕ ਹੈ, ਜਿਸ ਦਾ ਬੋਰਡ ‘ਤੇ ਬਕਾਇਦਾ ਨਾਂ ਵੀ ਲਿਖਿਆ ਗਿਆ ਹੈ। ਇਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਸਹਿਯੋਗੀਆਂ ਵਲੋਂ ਔਰੰਗਜ਼ੇਬ ਲੇਨ ਬੋਰਡ ‘ਤੇ ਕਾਲਖ ਮਲੀ ਗਈ। ਸਿਰਸਾ ਦਾ ਕਹਿਣਾ ਹੈ ਕਿ ਔਰੰਗਜ਼ੇਬ ਇਸ ਦੇਸ਼ ਦਾ ਨਹੀਂ ਹੈ। ਉਨ੍ਹਾਂ ਨੇ ਸਰਕਾਰ ਤੋਂ ਔਰਗਜ਼ੇਬ ਦਾ ਨਾਂ ਹਟਾਉਣ ਦੀ ਮੰਗ ਕੀਤੀ ਹੈ।
ਵਿਰੋਧ ਪ੍ਰਦਰਸ਼ਨ ਕਰਦਿਆਂ ਸਿਰਸਾ ਨੇ ਮੰਗ ਕੀਤੀ ਕਿ ਔਰੰਗਜ਼ੇਬ ਦਾ ਨਾਂ ਕਿਤਾਬਾਂ ‘ਚੋਂ ਵੀ ਹਟਾਇਆ ਜਾਵੇ। ਸਿਰਸਾ ਨੇ ਆਪਣੇ ਹੱਥ ‘ਚ ਤਖਤੀ ਵੀ ਫੜੀ ਹੋਈ ਸੀ, ਜਿਸ ‘ਤੇ ਲਿਖਿਆ- ”ਔਰੰਗਜ਼ੇਬ ਹਿੰਦੂਆਂ ਦਾ ਜ਼ਬਰਨ ਧਰਮ ਪਰਿਵਰਤਨ ਕਰਦਾ ਸੀ, ਉਹ ਲੱਖਾਂ ਹਿੰਦੂਆਂ ਦਾ ਕਾਤਲ ਹੈ।”
ਉਨ੍ਹਾਂ ਕਿਹਾ ਕਿ ਜਿਸ ਬੇਰਹਿਮ ਸ਼ਾਸਕ ਨੇ ਭਾਰਤ ਦੇ ਲੱਖਾਂ ਹਿੰਦੂਆਂ ‘ਤੇ ਅੱਤਿਆਚਾਰ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ, ਉਸ ਔਰੰਗਜ਼ੇਬ ਦੇ ਨਾਂ ‘ਤੇ ਮੇਰੇ ਦੇਸ਼ ਵਿਚ ਅੱਜ ਵੀ ਸੜਕ ਹੈ। ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ‘ਤੇ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਸ ਸੜਕ ਦਾ ਨਾਂ ਬਦਲਣ ਦੀ ਬੇਨਤੀ ਕਰਦਾ ਹਾਂ। ਸਿਰਸਾ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ਬਰਨ ਧਰਮ ਪਰਿਵਰਤਨ ਵਿਰੁੱਧ ਸ਼ਹਾਦਤ ਦਿੱਤੀ। ਬੇਰਹਿਮ ਔਰੰਗਜ਼ੇਬ ਵੀ ਉਨ੍ਹਾਂ ਦੀ ਧਰਮ ਪ੍ਰਤੀ ਆਸਥਾ ਨੂੰ ਹਿਲਾ ਨਹੀਂ ਸਕਿਆ ਸੀ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਉਸ ਔਰੰਗਜ਼ੇਬ ਦੇ ਨਾਂ ‘ਤੇ ਸੜਕ ਦਾ ਹੋਣਾ ਨਾ ਦੇਸ਼ ਨੂੰ ਸ਼ੋਭਾ ਦਿੰਦਾ ਹੈ ਅਤੇ ਨਾ ਹੀ ਦੇਸ਼ ਵਾਸੀਆਂ ਨੂੰ ਖੁਸ਼ੀ।