ਚੰਡੀਗੜ੍ਹ–ਕਾਂਗਰਸ ਨੇ ਕੈਗ ਦੀ ਰਿਪੋਰਟ ਦੇ ਹਵਾਲੇ ਨਾਲ ਹਰਿਆਣਾ ਦੀ ਪਿਛਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇ ਸ਼ਾਸਨ ‘ਚ ਸੂਬੇ ‘ਚ 6476.21 ਕਰੋੜ ਰੁਪਏ ਤੋਂ ਵੱਧ ਦੇ ਨਾਜਾਇਜ਼ ਖਨਨ ਘਪਲੇ ਦਾ ਦੋਸ਼ ਲਾਉਂਦੇ ਹੋਏ ਇਸ ਸਮੁੱਚੇ ਮਾਮਲੇ ਨੂੰ ਪੰਜਾਬ, ਹਰਿਆਣਾ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਸੂਬਾ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਅਤੇ ਪਾਰਟੀ ਦੇ ਮੀਡੀਆ ਸੈੱਲ ਦੇ ਰਾਸ਼ਟਰੀ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਨੇ ਅੱਜ ਇਥੇ ਇਕ ਸੰਯੁਕਤ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕੈਗ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਸੂਬੇ ਦੀਆਂ 95 ਖਾਨਾਂ ਲਈ ਜੋ ਲਾਇਸੈਂਸ ਦਿੱਤੇ ਗਏ ਹਨ, ਉਨ੍ਹਾਂ ਦੇ ਠੇਕੇਦਾਰਾਂ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨਿਰਧਾਰਿਤ ਖੇਤਰ ਤੋਂ ਦੁੱਗਣੇ ਤੋਂ ਵੀ ਵੱਧ ਖੇਤਰ ‘ਚ ਨਾਜਾਇਜ਼ ਤੌਰ ’ਤੇ ਖਨਨ ਕੀਤਾ। ਇਨ੍ਹਾਂ ਨੇ ਖਨਨ ਲਈ ਨਦੀਆਂ ਦਾ ਰਸਤਾ ਤੱਕ ਮੋੜ ਦਿੱਤਾ, ਜਿਸ ਨਾਲ ਕੰਢਿਆਂ ’ਤੇ ਬਣੇ ਡੈਮਾਂ ਅਤੇ ਚੌਗਿਰਦੇ ਨੂੰ ਵੀ ਨੁਕਸਾਨ ਪਹੁੰਚਿਆ। ਜਿੰਨਾ ਖਨਨ ਕੀਤਾ ਜਾਣਾ ਚਾਹੀਦਾ ਸੀ, ਉਸ ਤੋਂ ਕਿਤੇ ਵੱਧ ਮਾਲ ਉਥੋਂ ਕੱਢ ਲਿਆ ਗਿਆ।