ਮੁੰਬਈ—ਕਾਂਗਰਸ ਵਿਧਾਇਕ ਨਾਨਾ ਪਟੋਲੇ ਮਹਾਰਾਸ਼ਟਰ ਵਿਧਾਨ ਸਭਾ ਦੇ ਨਵੇਂ ਸਪੀਕਰ ਚੁਣੇ ਗਏ। ਸ਼ਿਵਸੈਨਾ, ਰਾਕਾਂਪਾ ਅਤੇ ਕਾਂਗਰਸ ਦੇ ਨਵੇਂ ਗਠਜੋੜ ਨੇ ਸਾਂਝੇ ਤੌਰ ‘ਤੇ ਸਪੀਕਰ ਅਹੁਦੇ ਦਾ ਉਮੀਦਵਾਰ ਬਣਾਇਆ ਸੀ। ਦੱਸ ਦੇਈਏ ਕਿ ਨਾਨਾ ਪਟੋਲੇ ਬਿਨਾਂ ਚੋਣ ਮੁਕਾਬਲੇ ਤੋਂ ਵਿਧਾਨ ਸਭਾ ਸਪੀਕਰ ਚੁਣੇ ਗਏ।
ਇਸ ਤੋਂ ਪਹਿਲਾਂ ਭਾਜਪਾ ਨੇ ਚੋਣ ਨਾ ਲੜਨ ਦਾ ਫੈਸਲਾ ਕਰਦੇ ਹੋਏ ਆਪਣੇ ਉਮੀਦਵਾਰ ਕਿਸ਼ਨ ਸ਼ੰਕਰ ਕਥੋਰੇ ਦਾ ਨਾਂ ਵਾਪਸ ਲੈ ਲਿਆ ਹੈ। ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਕੱਲ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਅਹੁਦੇ ਲਈ ਕਿਸ਼ਨ ਸ਼ੰਕਰ ਕਥੋਰੇ ਦਾ ਨਾਂ ਅੱਗੇ ਵਧਾਇਆ ਗਿਆ ਸੀ। ਸਾਰੇ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਸੀਂ ਕਥੋਰੇ ਦਾ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ‘ਚ ਬਹੁਮਤ ਹਾਸਲ ਕਰਨ ਤੋਂ ਬਾਅਦ ਊਧਵ ਠਾਕਰੇ ਦੀ ਅਗਵਾਈ ਵਾਲੀ ‘ਮਹਾਰਾਸ਼ਟਰ ਵਿਕਾਸ ਆਘਾੜੀ’ ਗਠਜੋੜ ਸਰਕਾਰ ਬਣੀ। ਊਧਵ ਠਾਕਰੇ ਨੂੰ 169 ਵੋਟਾਂ ਮਿਲੀਆਂ ਜਦਕਿ 105 ਵਿਧਾਇਕਾਂ ਨੇ ਵਿਧਾਨ ਸਭਾ ਤੋਂ ਵਾਕਆਊਟ ਕੀਤਾ। ਇਸਤੋਂ ਇਲਾਵਾ 4 ਵਿਧਾਇਕਾਂ ਨੇ ਕਿਸੇ ਵੀ ਪੱਖ ‘ਚ ਵੋਟ ਨਹੀਂ ਪਾਈ।
ਜ਼ਿਕਰਯੋਗ ਹੈ ਕਿ ਨਾਨਾ ਪਟੋਲੇ ਦੇ ਰਾਜਨੀਤਿਕ ਸਫਰ ਨੂੰ ਦੇਖਦੇ ਹੋਏ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਲਈ ਚੁਣਿਆ ਹੈ। ਨਾਨਾ ਪਟੋਲੇ ਦੀ ਪਹਿਚਾਣ ਤੇਜ਼ ਤਰਾਰ ਨੇਤਾ ਦੇ ਤੌਰ ‘ਤੇ ਹੁੰੰਦੀ ਹੈ। ਉਹ ਹਮੇਸ਼ਾ ਤੋਂ ਕਿਸਾਨਾਂ ਦੇ ਮੁੱਦੇ ਨੂੰ ਚੁੱਕਦੇ ਰਹੇ ਹਨ। ਉਹ ਲਗਭਗ 32 ਸਾਲਾ ਤੋਂ ਰਾਜਨੀਤੀ ਕਰ ਰਹੇ ਹਨ। ਉਹ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ।