ਨਵੀਂ ਦਿੱਲੀ — ਬਾਲੀਵੁੱਡ ਦੀ ਸਭ ਤੋਂ ਲੋਕਪ੍ਰਿਯ ਗਾਇਕਾ ਲਤਾ ਮੰਗੇਸ਼ਕਰ ਇਨ੍ਹੀਂ ਦਿਨੀਂ ਆਪਣੇ ਖਰਾਬ ਸਿਹਤ ਕਰਕੇ ਹਸਪਤਾਲ ‘ਚ ਭਰਤੀ ਹੈ, ਜਿਸ ਦੇ ਚੱਲਦਿਆਂ ਫੈਨਜ਼ ਲਗਾਤਾਰ ਉਨ੍ਹਾਂ ਦੀ ਤੰਦਰੁਸਤ ਸਿਹਤ ਲਈ ਦੁਆਵਾਂ ਕਰ ਰਹੇ ਹਨ। ਲਤਾ ਮੰਗੇਸ਼ਕਰ ਦੇ ਹਸਪਤਾਲ ‘ਚ ਦਾਖਲ ਹੋਣ ਤੋਂ ਬਾਅਦ ਹੀ ਬਾਲੀਵੁੱਡ ‘ਚ ਸਨਸਨੀ ਮਚ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਹਰ ਕੋਈ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਪਹੁੰਚ ਰਿਹਾ ਹੈ। ਹਾਲ ਹੀ ‘ਚ ਮਹਾਰਾਸ਼ਟਰ ਦੇ ਸੀ. ਐੱਮ. ਊਧਵ ਠਾਕਰੇ ਵੀ ਲਤਾ ਮੰਗੇਸ਼ਕਰ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ। ਭਰਤ ਰਤਨ ਨਾਲ ਸਨਮਾਨਿਤ ਗਾਇਕਾ ਲਤਾ ਮੰਗੇਸ਼ਕਰ ਇਨ੍ਹੀਂ ਦਿਨੀਂ ਆਈ. ਸੀ. ਯੂ. ‘ਚ ਦਾਖਲ ਹਨ। ਲਤਾ ਨੂੰ ਸਾਹ ਲੈਣ ‘ਚ ਕਾਫੀ ਔਖ ਹੋ ਰਹੀ ਸੀ, ਜਿਸ ਦੇ ਤੁਰੰਤ ਬਾਅਦ ਘਰਵਾਲਿਆਂ ਨੇ ਉਨ੍ਹਾਂ ਨੂੰ 11 ਨਵੰਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਸੀ। ਲਤਾ ਮੰਗੇਸ਼ਕਰ ਦੀ ਸਿਹਤ ‘ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋਇਆ ਹੈ ਪਰ ਉਨ੍ਹਾਂ ਨੂੰ ਹਾਲੇ ਵੀ ਆਈ. ਸੀ. ਯੂ ‘ਚ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਨੂੰ ਭਾਰਤ ਰਤਨ ਤੋਂ ਲੈ ਕੇ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਦਾਦਾ ਸਾਹਬ ਫਾਲਕੇ ਤੱਕ ਦੇ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਹੈ। ਲਤਾ ਮੰਗੇਸ਼ਕਰ ਨੇ ਕਈ ਦਹਾਕਿਆਂ ਤੋਂ ਫਿਲਮ ਇੰਡਸਟਰੀ ‘ਚ ਆਪਣੀ ਆਵਾਜ਼ ਦਾ ਜਾਦੂ ਫੈਲਾਇਆ ਹੈ। 28 ਸਤੰਬਰ ਨੂੰ ਹੀ ਲਤਾ ਨੇ ਆਪਣਾ 90ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੂੰ 2001 ‘ਚ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।