ਪੀ.ਜੀ.ਆਈ. ਵਾਂਗ ਸਿਵਲ ਹਸਪਤਾਲਾਂ ‘ਚ ਮਰੀਜ਼ਾਂ ਨੂੰ ਮਿਲਣਗੀਆਂ ਹੁਣ ਹਾਈਟੈੱਕ ਸਹੂਲਤਾਂ

ਜਲੰਧਰ— ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸਰਕਾਰੀ ਹਸਪਤਾਲਾਂ ਦੀ ਕਾਰਜਪ੍ਰਣਾਲੀ ਨੂੰ ਹਾਈਟੈੱਕ ਕਰਨ ਦੀ ਯੋਜਨਾ ਨੂੰ ਅਮਲੀਜਾਮਾ ਪਹਿਨਾ ਦਿੱਤਾ ਹੈ। ਸਰਕਾਰੀ ਹਸਪਤਾਲਾਂ ‘ਚ ਪੀ. ਜੀ. ਆਈ. ਚੰਡੀਗੜ੍ਹ ਦੀ ਤਰਜ ‘ਤੇ ਮਰੀਜ਼ਾਂ ਨੂੰ ਹਾਈਟੈੱਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੀ. ਐੱਚ. ਐੱਸ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ‘ਚ ਮਰੀਜ਼ਾਂ ਦੀ ਪੀ. ਜੀ. ਆਈ. ਚੰਡੀਗੜ੍ਹ ਦੀ ਤਰਜ ‘ਤੇ ਰਜਿਸਟ੍ਰੇਸ਼ਨ ਆਨਲਾਈਨ ਹੋਵੇਗੀ ਅਤੇ ਮਰੀਜ਼ ਨੂੰ ਇਕ ਨੰਬਰ ਜਾਰੀ ਕੀਤਾ ਜਾਵੇਗਾ। ਉਹ ਕਦੇ ਵੀ ਹਸਪਤਾਲ ‘ਚ ਕਾਰਡ ਦੀ ਐਂਟਰੀ ਕਰਵਾ ਕੇ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਨਾਲ ਮਰੀਜ਼ਾਂ ਨੂੰ ਮੌਜੂਦਾ ਸਮੇਂ ‘ਚ ਸਿਰਫ ਪਰਚੀ ਬਣਾਉਣ ‘ਚ ਲੱਗਣ ਵਾਲੀਆਂ ਲਾਈਨਾਂ ‘ਚ ਛੂਟ ਮਿਲੇਗੀ। ਸਰਕਾਰੀ ਹਸਪਤਾਲਾਂ ‘ਚ ਨਵਾਂ ਸਿਸਟਮ ਲੋਡ ਕਰਕੇ ਕੰਪਿਊਟਰ ਭੇਜ ਦਿੱਤੇ ਗਏ ਹਨ। ਉਥੇ ਮੌਜੂਦ ਸਟਾਫ ਨੂੰ ਵੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।
ਜਲੰਧਰ ‘ਚ ਸ਼ੁਰੂ ਹੋ ਚੁੱਕਾ ਹੈ ਟ੍ਰਾਇਲ
ਜਲੰਧਰ ‘ਚ ਇਸ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ। ਇਕ ਜਨਵਰੀ 2020 ਤੋਂ ਸੂਬੇ ਦੇ ਹਰ ਜ਼ਿਲੇ ‘ਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਉਥੇ ਹੀ ਨਿੱਜੀ ਲੈਬਾਂ ਦੀ ਤਰਜ ‘ਤੇ ਸਿਵਲ ਹਸਪਤਾਲ ਦੀਆਂ ਲੈਬਾਂ ਵੀ ਹਾਈਟੈੱਕ ਕੀਤੀਆਂ ਜਾ ਰਹੀਆਂ ਹਨ। ਮਰੀਜ਼ਾਂ ਨੂੰ ਕੁਝ ਟੈਸਟਾਂ ਦੀ ਮੋਬਾਇਲ ‘ਤੇ ਹੀ ਰਿਪੋਰਟ ਮਿਲ ਰਹੀ ਹੈ। ਜਨਵਰੀ 2020 ਤੱਕ ਇਨ੍ਹਾਂ ਪ੍ਰਾਜੈਕਟਰਾਂ ਨੂੰ ਸੂਬੇ ਦੇ ਸਰਕਾਰੀ ਹਸਪਤਾਲਾਂ ‘ਚ ਲਾਗੂ ਕੀਤਾ ਜਾਵੇਗਾ। ਉਥੇ ਹੀ ਹਸਪਤਾਲ ਦੇ ਐੱਸ. ਐੱਮ. ਓ. ਡਾ. ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ‘ਚ ਨਵੇਂ ਸਿਸਟਮ ਦੇ ਤਹਿਤ ਮਰੀਜ਼ਾਂ ਨੂੰ ਓ. ਪੀ. ਡੀ. ‘ਚ ਆਉਣ ਲਈ ਆਨਲਾਈਨ ਬੁਕਿੰਗ ਦੀ ਵੀ ਸਹੂਲਤ ਦਿੱਤੀ ਗਈ ਹੈ। ਮਰੀਜ਼ ਆਨਲਾਈਨ ਡਾਕਟਰ ਤੋਂ ਮਿਲਣ ਦਾ ਸਮਾਂ ਲਵੇਗਾ, ਉਦੋਂ ਹੀ ਉਸ ਨੂੰ ਇਕ ਨੰਬਰ ਜਾਰੀ ਹੋਵੇਗਾ, ਜਿਸ ਨੂੰ ਓ. ਪੀ. ਡੀ. ਕਾਊਂਟਰ ‘ਤੇ ਦਿਖਾ ਕੇ ਡਾਕਟਰ ਦੇ ਕੋਲ ਜਾ ਸਕਦੇ ਹਨ।
ਨਵੀਂ ਤਕਨੀਕ ਦਾ ਲੋਕਾਂ ਨੂੰ ਹੋਵੇਗਾ ਫਾਇਦਾ
ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਡਾ. ਚੰਨਜੀਵ ਸਿੰਘ ਨੇ ਕਿਹਾ ਕਿ ਨਵੀਂ ਤਕਨੀਕ ਦਾ ਲੋਕਾਂ ਅਤੇ ਹਸਪਤਾਲ ਨੂੰ ਫਾਇਦਾ ਹੋਵੇਗਾ ਪਰ ਸਟਾਫ ਦੀ ਕਮੀ ਪੂਰੀ ਕਰਨ ਲਈ ਪੰਜਾਬ ਹੈਲਥ ਸਿਸਟਮ ਦਾ ਕਾਰਪੋਰੇਸ਼ਨ ਨੂੰ ਪਹਿਲਾਂ ਵੀ ਪੱਤਰ ਲਿਖੇ ਜਾ ਰਹੇ ਹਨ। ਵਿਭਾਗ ਨੇ ਨਵੇਂ ਮੁਲਾਜ਼ਮ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ। ਉਥੇ ਹੀ ਵਿਭਾਗ ਡਾਕਟਰਾਂ ਨੂੰ ਟੈੱਬਲੇਟ ਦੇਵੇਗਾ। ਡਾਕਟਰ ਹਰ ਮਰੀਜ਼ ਦੀ ਬੀਮਾਰੀ ਦਾ ਵੇਰਵਾ ਦੇਵੇਗਾ। ਇਸ ਨਾਲ ਵਿਭਾਗ ਦੇ ਕੋਲ ਹਰ ਇਲਾਕੇ ‘ਚ ਹੋਣ ਵਾਲੀਆਂ ਬੀਮਾਰੀਆਂ ਦਾ ਵੇਰਵਾ ਹੋਵੇਗਾ। ਉਸ ਦੇ ਆਧਾਰ ‘ਤੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣਗੀਆਂ। ਇਕ ਮਰੀਜ਼ ਨੂੰ ਆਈ. ਡੀ. ਨੰਬਰ ਜਾਰੀ ਹੋਵੇਗਾ, ਪੂਰੀ ਉਮਰ ਇਸੇ ਆਈ. ਡੀ. ‘ਤੇ ਇਲਾਜ ਹੋਵੇਗਾ।