1984 ਸਿੱਖ ਵਿਰੋਧੀ ਦੰਗੇ : ਢੀਂਗਰਾ ਕਮੇਟੀ ਨੇ ਸੀਲਬੰਦ ਲਿਫਾਫ਼ੇ ‘ਚ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ

ਨਵੀਂ ਦਿੱਲੀ— 1984 ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੇ 186 ਮਾਮਲਿਆਂ ਦੀ ਜਾਂਚ ਕਰ ਕੇ ਉਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਇਕ ਸੀਲਬੰਦ ਲਿਫਾਫ਼ੇ ‘ਚ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ। ਇਸ ਐੱਸ.ਆਈ.ਟੀ. ਦਾ ਗਠਨ ਸੁਪਰੀਮ ਕੋਰਟ ਨੇ ਹੀ ਕੀਤਾ ਸੀ। ਐੱਸ.ਆਈ.ਟੀ. ਨੂੰ ਉਨ੍ਹਾਂ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਅਤੇ ਜਾਂਚ ਦੇ ਆਦੇਸ਼ ਦਿੱਤੇ ਗਏ ਸਨ, ਜਿਨ੍ਹਾਂ ਨੂੰ ਪੁਲਸ ਨੇ ਪੂਰੀ ਜਾਂਚ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਬੰਦ ਕਰ ਦਿੱਤਾ ਸੀ। ਸੁਪਰੀਮ ਕੋਰਟ ਇਸ ਮਾਮਲੇ ‘ਚ 2 ਹਫ਼ਤਿਆਂ ਬਾਅਦ ਫੈਸਲਾ ਲਵੇਗਾ ਕਿ ਇਸ ਨੂੰ ਜਨਤਕ ਕੀਤਾ ਜਾਵੇ ਜਾਂ ਨਹੀਂ, ਨਾਲ ਹੀ ਇਸ ‘ਚ ਕਿੰਨੇ ਮਾਮਲੇ ਹਨ, ਜਿਨ੍ਹਾਂ ਨੂੰ ਫਿਰ ਤੋਂ ਖੋਲ੍ਹਿਆ ਜਾਵੇ। ਇਸ ਐੱਸ.ਆਈ.ਟੀ. ਟੀਮ ਦਾ ਗਠਨ ਪਿਛਲੇ ਸਾਲ ਫਰਵਰੀ ‘ਚ ਕੀਤਾ ਗਿਆ ਸੀ, ਜਿਸ ਦੀ ਪ੍ਰਧਾਨਗੀ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਸ਼ਿਵ ਨਾਰਾਇਣ ਢੀਂਗਰਾ ਨੂੰ ਦਿੱਤੀ ਗਈ ਸੀ। ਉਨ੍ਹਾਂ ਦੀ ਟੀਮ ‘ਚ ਆਈ.ਪੀ.ਐੱਸ. ਅਧਿਕਾਰੀ ਰਾਜਦੀਪ ਸਿੰਘ ਅਤੇ ਅਭਿਸ਼ੇਕ ਦੁਲਾਰ ਸਨ।
186 ਮਾਮਲੇ ਕਰ ਦਿੱਤੇ ਗਏ ਸਨ ਬੰਦ
ਲਗਾਤਾਰ ਜਾਂਚ ਤੋਂ ਬਾਅਦ ਆਖਰਕਾਰ ਐੱਸ.ਆਈ.ਟੀ. ਟੀਮ ਨੇ ਆਪਣੀ ਰਿਪੋਰਟ ਬੰਦ ਲਿਫਾਫ਼ੇ ‘ਚ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਸੀ.ਬੀ.ਆਈ. ਨੇ 186 ਮਾਮਲਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿਰੁੱਧ ਪੀੜਤਾਂ ਨੇ ਸੁਪਰੀਮ ਕੋਰਟ ‘ਚ ਅਰਜ਼ੀ ਲਗਾਈ ਸੀ। ਕੋਰਟ ਦਾ ਕਹਿਣਾ ਹੈ ਕਿ ਜੱਜ ਢੀਂਗਰਾ ਕਮੇਟੀ ਦੇ ਪ੍ਰੀਖਣ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਕੀ ਇਸ ਨੂੰ ਪਟੀਸ਼ਨਕਰਤਾ ਨਾਲ ਸਾਂਝਾ ਕੀਤਾ ਜਾਵੇ ਜਾਂ ਉਸ ਨੂੰ ਸੀਲਬੰਦ ਲਿਫਾਫ਼ੇ ‘ਚ ਰੱਖਿਆ ਜਾਵੇ। ਇਸ ਸੰਬੰਧ ‘ਚ ਅਗਲੀ ਸੁਣਵਾਈ 2 ਹਫ਼ਤੇ ਬਾਅਦ ਹੋਵੇਗੀ।
ਇਹ ਹੈ ਮਾਮਲਾ
ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮਚਾਰੀਆਂ ਨੇ ਕਰ ਦਿੱਤਾ ਸੀ। ਇਸ ਵਾਰਦਾਤ ਦੇ ਅਗਲੇ ਹੀ ਦਿਨ ਦਿੱਲੀ ਦੇ ਕਈ ਇਲਾਕਿਆਂ ‘ਚ ਦੰਗੇ ਭੜਕ ਗਏ ਸਨ। ਇਨ੍ਹਾਂ ਦੰਗਿਆਂ ‘ਚ ਸਿਰਫ਼ ਦਿੱਲੀ ‘ਚ ਹੀ 2733 ਲੋਕਾਂ ਦੀ ਜਾਨ ਗਈ ਸੀ, ਉੱਥੇ ਹੀ ਕੁੱਲ 3325 ਲੋਕ ਇਸ ‘ਚ ਆਪਣੀ ਜਾਨ ਗਵਾ ਚੁਕੇ ਸਨ। ਇਹ ਦੰਗੇ ਦੇਸ਼ ਦੇ ਕਈ ਹਿੱਸਿਆਂ ‘ਚ ਫੈਲ ਗਏ ਸਨ।