ਰੰਧਾਵਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਕੋਲ ਸਹਿਕਾਰੀ ਬੈਂਕਾਂ ਦੇ ਰਲੇਵੇਂ ਦਾ ਮੁੱਦਾ ਉਠਾਇਆ

ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕਰਦਿਆਂ ਸੂਬੇ ਦੇ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਦਾ ਪੰਜਾਬ ਰਾਜ ਸਹਿਕਾਰੀ ਬੈਂਕਾਂ ਨਾਲ ਰਲੇਵਾਂ ਜਲਦ ਕਰਨ ਦੀ ਮੰਗ ਉਠਾਈ। ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਨਾਰਥ ਬਲਾਕ ਵਿਖੇ ਮੁਲਾਕਾਤ ਦੌਰਾਨ ਰੰਧਾਵਾ ਨੇ ਕਿਹਾ ਕਿ ਰਲੇਵੇਂ ਦਾ ਮਾਮਲਾ ਰਿਜ਼ਰਵ ਬੈਂਕ ਆਫ ਇੰਡੀਆ ਕੋਲ ਪਹਿਲਾਂ ਹੀ ਭੇਜਿਆ ਹੋਇਆ ਹੈ ਜਿਸ ਨੂੰ ਤੇਜ਼ੀ ਨਾਲ ਨੇਪਰੇ ਚੜ੍ਹਾਉਣ ਲਈ ਵਿੱਤ ਮੰਤਰਾਲਾ ਆਪਣੇ ਪੱਧਰ ‘ਤੇ ਚਾਰਾਜੋਈ ਕਰੇ। ਸਰਕਾਰੀ ਬੁਲਾਰੇ ਵਲੋਂ ਇਥੇ ਜਾਰੀ ਪ੍ਰੈੱਸ ਬਿਆਨ ‘ਚ ਦੱਸਿਆ ਗਿਆ ਕਿ ਰੰਧਾਵਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਅੱਗੇ ਇਹ ਗੱਲ ਉਠਾਈ ਕਿ ਕਿਸਾਨਾਂ ਦੇ ਭਲੇ ਲਈ ਸਹਿਕਾਰੀ ਕਰਜ਼ਾ ਮੁਹੱਈਆ ਕਰਵਾਉਣ ਦੀ ਪ੍ਰਣਾਲੀ ਨੂੰ ਮੁੜ ਵਿਉਂਤਣਾ ਅਤਿ ਜ਼ਰੂਰੀ ਹੈ ਜਿਸ ਲਈ ਰਲੇਵੇਂ ਦੀ ਪ੍ਰਕਿਰਿਆ ਨੂੰ ਜਲਦੀ ਨੇਪਰੇ ਚਾੜ੍ਹਨ ‘ਚ ਵਿੱਤ ਮੰਤਰਾਲਾ ਚਾਰਾਜੋਈ ਕਰੇ। ਉਨ੍ਹਾਂ ਕਿਹਾ ਕਿ ਰਲੇਵੇਂ ਨਾਲ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਮਦਦ ਮਿਲੇਗੀ, ਜਿਸ ਦਾ ਸਿੱਧਾ ਹਾਂ-ਪੱਖੀ ਅਸਰ ਕਿਸਾਨੀ ਉਪਰ ਪਵੇਗਾ।
ਰੰਧਾਵਾ ਨੇ ਵਿੱਤ ਰਾਜ ਮੰਤਰੀ ਕੋਲ ਕਮਰਸ਼ੀਅਲ ਬੈਂਕਾਂ ਵਾਂਗ ਹੀ ਸਹਿਕਾਰੀ ਬੈਂਕਾਂ ਤੇ ਸੋਸਾਇਟੀਆਂ ਨੂੰ ਆਮਦਨ ਕਰ ਵਿਚ ਛੋਟ ਦੇਣ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕ ਸਿੱਧੇ ਤੌਰ ‘ਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨਾਲ ਜੁੜੇ ਹੋਏ ਹਨ, ਜਿਸ ਕਾਰਣ ਸਹਿਕਾਰੀ ਬੈਂਕਾਂ ਨੂੰ ਇਸ ਰਾਹਤ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਅਦਾਰਿਆਂ ਅਤੇ ਵਪਾਰਕ ਬੈਂਕਾਂ ਨੂੰ ਮਿਲੀ ਆਮਦਨ ਕਰ ਦੀ ਛੋਟ ਦੀ ਤਰਜ਼ ਉਤੇ ਹੀ ਸਹਿਕਾਰੀ ਸੋਸਾਇਟੀਆਂ ਤੇ ਸਹਿਕਾਰੀ ਬੈਂਕਾਂ ਨੂੰ ਵੀ ਛੋਟ ਦਿੱਤੀ ਜਾਵੇ। ਇਸ ਛੋਟ ਤਹਿਤ ਆਮਦਨ ਕਰ 30 ਫੀਸਦੀ ਤੋਂ ਘਟਾ ਕੇ 22 ਫੀਸਦੀ ਕੀਤਾ ਹੋਇਆ ਹੈ ਜੋ ਕਿ ਸਹਿਕਾਰੀ ਬੈਂਕਾਂ ਤੇ ਸੋਸਾਇਟੀਆਂ ਨੂੰ ਵੀ ਮਿਲਣਾ ਚਾਹੀਦਾ ਹੈ, ਜਿਸ ‘ਤੇ ਕੇਂਦਰੀ ਮੰਤਰੀ ਨੇ ਹਾਂ-ਪੱਖੀ ਹੁੰਗਾਰਾ ਭਰਿਆ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ, ਵਧੀਕ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਹਾ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐੱਮ. ਡੀ. ਡਾ. ਐੱਸ. ਕੇ. ਬਾਤਿਸ਼ ਵੀ ਹਾਜ਼ਰ ਸਨ।