ਮਹਾਰਾਸ਼ਟਰ ਦੀ ਰਾਜਨੀਤੀ ਖਤਮ, ਹੁਣ ਗੋਆ ਦੀ ਵਾਰੀ ਹੈ : ਸੰਜੇ ਰਾਊਤ

ਮੁੰਬਈ— ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਤੋਂ ਬਾਅਦ ਹੁਣ ਸ਼ਿਵ ਸੈਨਾ ਦੀ ਨਜ਼ਰ ਭਾਜਪਾ ਸ਼ਾਸਿਤ ਗੋਆ ‘ਤੇ ਹੈ। ਸ਼ਿਵ ਸੈਨਾ ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਦੀ ਰਾਜਨੀਤੀ ਖਤਮ ਹੋ ਗਈ ਹੈ, ਹੁਣ ਸਾਡੀ ਨਜ਼ਰ ਗੋਆ ਦੀ ਰਾਜਨੀਤੀ ‘ਤੇ ਹੈ। ਅਸੀਂ ਪੂਰੇ ਦੇਸ਼ ‘ਚ ਗੈਰ-ਭਾਜਪਾ ਮੋਰਚਾ ਬਣਾਉਣਾ ਚਾਹੁੰਦੇ ਹਾਂ। ਇਸ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਹੋ ਗਈ ਹੈ। ਹੁਣ ਸਾਡਾ ਧਿਆਨ ਗੋਆ ‘ਤੇ ਹੈ। ਗੋਆ ਤੋਂ ਬਾਅਦ ਅਸੀਂ ਪੂਰੇ ਦੇਸ਼ ‘ਚ ਫਰੰਟ ਬਣਾਵਾਂਗੇ। ਸੰਜੇ ਨੇ ਕਿਹਾ ਕਿ ਤਿੰਨ ਵਿਧਾਇਕਾਂ ਨਾਲ ਗੋਆ ਫਾਰਵਰਡ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵਿਜਈ ਸਰਦੇਸਾਈ, ਸ਼ਿਵ ਸੈਨਾ ਨਾਲ ਗਠਜੋੜ ਕਰ ਰਹੇ ਹਨ। ਇਕ ਨਵਾਂ ਸਿਆਸੀ ਮੋਰਚਾ ਗੋਆ ‘ਚ ਆਕਾਰ ਲੈ ਰਿਹਾ ਹੈ। ਠੀਕ ਉਂਝ ਵੀ ਜਿਵੇਂ ਮਹਾਰਾਸ਼ਟਰ ‘ਚ ਹੋਇਆ ਸੀ। ਜਲਦ ਹੀ ਗੋਆ ‘ਚ ਤੁਹਾਨੂੰ ਇਕ ਚਮਤਕਾਰ ਦਿਖਾਈ ਦੇਵੇਗਾ।
40 ਮੈਂਬਰੀ ਗੋਆ ਵਿਧਾਨ ਸਭਾ ਦੀਆਂ ਚੋਣਾਂ 2017 ‘ਚ ਹੋਈਆਂ ਸੀ। ਇਨ੍ਹਾਂ ਚੋਣਾਂ ‘ਚ ਭਾਜਪਾ ਨੇ 13 ਅਤੇ ਕਾਂਗਰਸ ਨੇ 17 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਨੇ 3, ਗੋਆ ਫਾਰਵਰਡ ਪਾਰਟੀ ਨੇ 3 ਅਤੇ ਐੱਨ.ਸੀ.ਪੀ. ਨੇ ਇਕ ਸੀਟ ‘ਤੇ ਜਿੱਤ ਦਰਜ ਕੀਤੀ ਸੀ। ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ ‘ਚ ਗਈਆਂ ਸਨ। ਚੋਣਾਂ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਅਚਾਨਕ ਰਾਤੋ-ਰਾਤ 10 ਕਾਂਗਰਸੀ ਵਿਧਾਇਕ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਇਸ ਕਾਰਨ ਭਾਜਪਾ ਦੀ ਗਿਣਤੀ 27 ਹੋ ਗਈ ਸੀ। ਇਸ ਤੋਂ ਬਾਅਦ ਭਾਜਪਾ ਨੇ ਸਰਕਾਰ ਬਣਾ ਲਈ ਸੀ ਅਤੇ ਮਨਮੋਹਰ ਪਾਰੀਕਰ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪ੍ਰਮੋਦ ਸਾਵੰਤ ਨੂੰ ਮੁੱਖ ਮੰਤਰੀ ਬਣਾਇਆ ਗਿਆ।