DSGMC ਦੀ ਅਨੋਖੀ ਪਹਿਲ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਖੁੱਲ੍ਹਿਆ ‘ਪੱਗੜੀ ਬੈਂਕ’

ਨਵੀਂ ਦਿੱਲੀ — ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨਾਂ, ਬੱਚਿਆਂ ਅਤੇ ਲੋੜਵੰਦ ਲੋਕਾਂ ਨੂੰ ਸਿੱਖ ਪਰੰਪਰਾਵਾਂ ਮੁਤਾਬਕ ਪੱਗ ਬੰਨ੍ਹਣ ਲਈ ਪ੍ਰੇਰਿਤ ਕਰਨ ਲਈ ‘ਪੱਗੜੀ ਬੈਂਕ’ ਦੀ ਅਨੋਖੀ ਯੋਜਨਾ ਸ਼ੁਰੂ ਕੀਤੀ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਤਵਾਰ ਨੂੰ ਦੱਸਿਆ ਕਿ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 2 ਨਵੰਬਰ ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ‘ਚ ਪੱਗੜੀ ਬੈਂਕ ਦੀ ਸਥਾਪਨਾ ਕੀਤੀ ਸੀ। ਜਿਸ ਦੇ ਤਹਿਤ ਸਿੱਖ ਨੌਜਵਾਨ, ਬੱਚਿਆਂ ਅਤੇ ਲੋੜਵੰਦ ਲੋਕਾਂ ਨੂੰ 50 ਰੁਪਏ ਦੀ ਕੀਮਤ ‘ਤੇ ਉਨ੍ਹਾਂ ਦੇ ਸਾਈਜ਼ ਦੀ ਆਕਰਸ਼ਕ ਪੱਗੜੀ ਪ੍ਰਦਾਨ ਕੀਤੀ ਜਾ ਰਹੀ ਹੈ।
ਸਿਰਸਾ ਨੇ ਦੱਸਿਆ ਕਿ ਲੋਕਾਂ ਤੋਂ ਇਸ ਲਈ 50 ਰੁਪਏ ਲਏ ਜਾ ਰਹੇ ਹਨ ਤਾਂ ਕਿ ਉਹ ਇਸ ਨੂੰ ਪੂਰੇ ਸਨਮਾਨ ਨਾਲ ਪਹਿਨ ਸਕਣ। ਇਸ ਯੋਜਨਾ ਦੇ ਤਹਿਤ ਹੁਣ ਤਕ ਲੱਗਭਗ 1,000 ਸਿੱਖਾਂ ਨੇ ਇਸ ਬੈਂਕ ‘ਚ ਪੱਗੜੀਆਂ ਦਾਨ ਕੀਤੀਆਂ ਹਨ। 500 ਪੱਗੜੀਆਂ ਲੋੜਵੰਦਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਕਮੇਟੀ 4 ਮੀਟਰ ਤੋਂ 7 ਮੀਟਰ ਤਕ ਵੱਖ-ਵੱਖ ਡਿਜ਼ਾਈਨ ਦੀਆਂ ਲੰਬੀਆਂ ਪੱਗੜੀਆਂ ਉਪਲੱਬਧ ਕਰਵਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਮੇਟੀ ਆਪਣੇ ਪ੍ਰਬੰਧਨ ਹੇਠ ਚਲਾਏ ਜਾ ਰਹੇ 10 ਇਤਿਹਾਸਕ ਗੁਰਦੁਆਰਿਆਂ ‘ਚ ਪੱਗੜੀ ਬੈਂਕ ਨੂੰ ਸ਼ੁਰੂ ਕਰੇਗੀ ਅਤੇ ਸਥਾਨਕ ਸਿੰਘ ਸਭਾ ਵਲੋਂ ਚਲਾਏ ਜਾ ਰਹੇ ਦਿੱਲੀ ਦੇ ਲੱਗਭਗ 100 ਪ੍ਰਸਿੱਧ ਗੁਰਦੁਆਰਿਆਂ ‘ਚ ਇਸ ਬੈਂਕ ਨੂੰ ਚਲਾਉਣ ‘ਚ ਮਦਦ ਕਰੇਗੀ।
ਗੁਰੂਗ੍ਰਾਮ ਅਤੇ ਨੋਇਡਾ ਸਮੇਤ ਵੱਖ-ਵੱਖ ਥਾਵਾਂ ‘ਚ ਵੀ ਪੱਗੜੀ ਬੈਂਕ ਸਥਾਪਤ ਕਰਨ ਦੀ ਯੋਜਨਾ ਹੈ। ਕਮੇਟੀ ਨੇ ਸਿੱਖ ਨੌਜਵਾਨਾਂ ਨੂੰ ਪੱਗੜੀ ਬੰਨ੍ਹਣ ਦੀ ਕਲਾ ਸਿਖਾਉਣ ਲਈ 2 ਸਿੱਖ ਬੁੱਧੀਜੀਵੀਆਂ ਦੀਆਂ ਸੇਵਾਵਾਂ ਲਈਆਂ ਹਨ। ਉਹ ਨਵੀਂ ਪੀੜ੍ਹੀ ਨੂੰ ਪੂਰੇ ਧੀਰਜ ਨਾਲ ਵੱਖ-ਵੱਖ ਪ੍ਰਕਾਰ ਨਾਲ ਸਿੱਖ ਪਰੰਪਰਾਵਾਂ ਮੁਤਾਬਕ ਪੱਗੜੀ ਬੰਨ੍ਹਣ ਦੀ ਟ੍ਰੇਨਿੰਗ ਪ੍ਰਦਾਨ ਕਰਨਗੇ।