ਰਵਿਦਾਸ ਮੰਦਰ ਢਾਹੁਣ ਦਾ ਮਾਮਲਾ : ਅਸ਼ੋਕ ਤੰਵਰ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

ਨਵੀਂ ਦਿੱਲੀ– ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਰਾਜਧਾਨੀ ਦਿੱਲੀ ਵਿਚ ਤੁਗਲਕਾਬਾਦ ਦੇ ਢਹਿ-ਢੇਰੀ ਹੋਏ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਮਾਮਲੇ ਵਿਚ ਆਪਣੇ ਪਹਿਲੇ ਹੁਕਮ ਵਿਚ ਸੋਧ ਦੀ ਮੰਗ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ, ਜਿਸ ’ਤੇ 25 ਨਵੰਬਰ ਨੂੰ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਤੰਵਰ ਦੀ ਉਸ ਅਰਜ਼ੀ ’ਤੇ ਛੇਤੀ ਸੁਣਵਾਈ ਲਈ ਤਿਆਰ ਹੋ ਗਈ, ਜਿਸ ਵਿਚ ਬੇਨਤੀ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਲੱਕੜ ਦੀ ਥਾਂ ਪੱਕੀ ਉਸਾਰੀ ਕਰਨ ਦੇ ਹੁਕਮ ਜਾਰੀ ਕਰੇ ਅਤੇ ਮੰਦਰ ਦੇ ਅਹਾਤੇ ਵਿਚ ਤਲਾਬ ਨੂੰ ਵੀ ਜੋੜਿਆ ਜਾਵੇ, ਜਿਹੜਾ ਮੰਦਰ ਦਾ ਹੀ ਹਿੱਸਾ ਹੈ।
ਇਸ ਮਾਮਲੇ ਵਿਚ ਤੰਵਰ ਅਤੇ ਸਾਬਕਾ ਮੰਤਰੀ ਪ੍ਰਦੀਪ ਜੈਨ ਵਲੋਂ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਅੱਗੇ ਇਸ ਮਾਮਲੇ ਦੀ ਛੇਤੀ ਸੁਣਵਾਈ ਲਈ ਬੇਨਤੀ ਕੀਤੀ ਹੈ। ਦੱਸਣਯੋਗ ਹੈ ਕਿ 21 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਇਕ ਅਹਿਮ ਹੁਕਮ ਜਾਰੀ ਕਰ ਕੇ ਉਸੇ ਜਗ੍ਹਾ ਨੂੰ ਮੰਦਰ ਬਣਾਉਣ ਦੇ ਹੁਕਮ ਦਿੱਤੇ ਸਨ।