ਪੰਜਾਬ ’ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ : ਪ੍ਰਕਾਸ਼ ਸਿੰਘ ਬਾਦਲ

ਗਿੱਦੜਬਾਹਾ – ਪੰਜਾਬ ’ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਮੈਂ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ ਪਰ ਮੈਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵਲੋਂ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਕੋਈ ਸਾਬਤ ਕਰ ਦੇਵੇ ਕਿ ਮੈਂ ਕਿਸੇ ਨਾਲ ਧੱਕੇਸ਼ਾਹੀ ਕੀਤੀ ਹੈ ਤਾਂ ਮੈਂ ਤੁਹਾਡਾ ਦੇਣਦਾਰ ਹਾਂ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਅੱਜ ਗਿੱਦੜਬਾਹਾ ਵਿਖੇ ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਬੁੱਟਰ ਦੇ ਭਰਾ ਸ਼ਾਮ ਲਾਲ ਬੁੱਟਰ ਦੀ ਮੌਤ ’ਤੇ ਦੁੱਖ ਪ੍ਰਗਟ ਕਰਨ ਆਏ ਸਨ।
ਵਰਨਣਯੋਗ ਹੈ ਕਿ ਸ਼ਾਮ ਲਾਲ ਬੁੱਟਰ ਨੇ ਬੀਤੇ ਸਮੇਂ ਦੌਰਾਨ ਫਾਈਨਾਂਸਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਬਾਦਲ ਨੇ ਕਿਹਾ ਕਿ ਪੁਲਸ ਨੂੰ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ ਹੈ ਅਤੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ। ਕੋਈ ਵੀ ਸਰਕਾਰ ਹੋਵੇ ਉਹ ਕਾਨੂੰਨ ਅਨੁਸਾਰ ਕੰਮ ਕਰੇ ਅਤੇ ਨਾ ਕਿ ਦੂਜੀਆਂ ਪਾਰਟੀਆਂ ਦੇ ਵਰਕਰਾਂ ਨਾਲ ਧੱਕੇਸ਼ਾਹੀ ਕਰੇ। ਉਨ੍ਹਾਂ ਕਿਹਾ ਕਿ ਮੇਰੇ ਸਪੰਰਕ ’ਚ ਜਿਹੜਾ ਵੀ ਵਿਅਕਤੀ ਹੈ, ਉਸ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਬੀਬੀ ਗੁਰਦਿਆਲ ਕੌਰ ਮੱਲਣ, ਹਰਦੀਪ ਸਿੰਘ ਡਿੰਪੀ ਢਿੱਲੋਂ, ਐਡਵੋਕੇਟ ਗੁਰਮੀਤ ਮਾਨ, ਅਸ਼ੋਕ ਬੁੱਟਰ, ਸੁਭਾਸ਼ ਜੈਨ ਲਿੱਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਵਰਕਰ ਹਾਜ਼ਰ ਸਨ।