3 ਪੰਜਾਬ ਰੈਜਮੈਂਟ ਦੇ ਜਵਾਨ ਵੀਰਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਅਮਰਗੜ੍ਹ – ਪੰਜਾਬ ਦੇ ਉੱਤਰੀ ਲੱਦਾਖ ’ਚ ਗਲੇਸ਼ੀਅਰ ਸਿਆਚਿਨ ਦੇ ‘ਆਪ੍ਰੇਸ਼ਨ ਮੇਘਦੂਤ’ ਦੌਰਾਨ ਕੰਟਰੋਲ ਰੇਖਾ ਕੋਲ ਗਸ਼ਤ ਕਰ ਰਹੇ ਫੌਜ ਦੇ 9 ਜਵਾਨ ਬਰਫ਼ ਦੇ ਤੋਦੇ ਦੀ ਲਪੇਟ ’ਚ ਆ ਗਏ। ਭਾਰਤੀ ਫੌਜ ਦੀ 3 ਪੰਜਾਬ ਰੈਜਮੈਂਟ ’ਚ 1 ਸਾਲ 8 ਮਹੀਨੇ ਪਹਿਲਾਂ ਭਰਤੀ ਹੋਏ ਮਾਲੇਰਕੋਟਲਾ ਦੇ ਪਿੰਡ ਗੁਆਰਾ ਦੇ 3 ਭੈਣਾਂ ਅਤੇ 2 ਭਰਾਵਾਂ ’ਚੋਂ ਛੋਟੇ ਭਰਾ ਵੀਰਪਾਲ ਸਿੰਘ (22) ਪੁੱਤਰ ਕ੍ਰਿਪਾਲ ਸਿੰਘ ਸ਼ਹੀਦ ਹੋ ਗਿਆ। ਵੀਰਪਾਲ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਦੋਂ ਪਿੰਡ ਗੁਆਰਾ ਵਿਖੇ ਉਨ੍ਹਾਂ ਦੇ ਘਰ ਪਹੁੰਚੀ ਤਾਂ ਪਰਿਵਾਰ ’ਚ ਚੀਕ-ਚਿਹਾਡ਼ਾ ਪੈ ਗਿਆ। ਪੂਰੇ ਪਿੰਡ ਅਤੇ ਇਲਾਕੇ ’ਚ ਸੋਗ ਦੀ ਲਹਿਰ ਛਾਅ ਗਈ।
ਇਸ ਦੁੱਖ ਦੀ ਘੜੀ ’ਚ ਵੱਡੀ ਗਿਣਤੀ ’ਚ ਲੋਕ ਉਨ੍ਹਾਂ ਦੇ ਘਰ ਦੁੱਖ ਵੰਡਾਉਣ ਪਹੁੰਚੇ। ਇਸ ਸਬੰਧੀ ਭਾਰਤੀ ਫੌਜ ਦੇ ਜਵਾਨ ਮਨਦੀਪ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਬਰਫੀਲੇ ਤੂਫ਼ਾਨ ਦੀ ਲਪੇਟ ’ਚ ਆਉਣ ਨਾਲ ਸਾਡੀ ਯੂਨਿਟ ਦੇ 9 ਜਵਾਨ ਸ਼ਹੀਦ ਹੋ ਗਏ ਹਨ, ਜਿਨ੍ਹਾਂ ’ਚੋਂ 3 ਜਵਾਨ ਪੰਜਾਬ ਦੇ ਹਨ। ਸ਼ਹੀਦ ਵੀਰਪਾਲ ਸਿੰਘ ਦੀ ਤਿਰੰਗੇ ’ਚ ਲਪੇਟੀ ਮ੍ਰਿਤਕ ਦੇਹ ਪਿੰਡ ਗੁਆਰਾ ਵਿਖੇ ਪੁੱਜੀ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਲੋਕਾਂ ਵਲੋਂ ਸ਼ਹੀਦ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਵੀਰਪਾਲ ਸਿੰਘ ਦੀਆਂ ਤਿੰਨ ਭੈਣਾਂ ਹਰਪ੍ਰੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ ਹਨ। ਵੱਡਾ ਭਰਾ ਕੁਲਦੀਪ ਸਿੰਘ ਬੇਰੋਜ਼ਗਾਰ ਹੈ। ਇਸ ਮੌਕੇ ਪੰਜਾਬ ਸਰਕਾਰ ਤਰਫ਼ੋਂ ਐੱਸ. ਡੀ. ਐੱਮ. ਮਾਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸੈਨਿਕ ਅਫ਼ਸਰ ਰਾਜਵੰਤ ਸਿੰਘ, ਐੱਸ. ਪੀ. ਮਨਜੀਤ ਸਿੰਘ ਬਰਾਡ਼, ਡੀ. ਐੱਸ. ਪੀ. ਕਰਨਵੀਰ ਸਿੰਘ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।