ਗ਼ੁਲਾਬੀ ਗੇਂਦ ਨਾਲ ਆਰਮ ਸਪਿਨਰਾਂ ਨੂੰ ਸਮਝਣਾ ਵਧੇਰੇ ਮੁਸ਼ਕਿਲ – ਹਰਭਜਨ

ਨਵੀਂ ਦਿੱਲੀ – ਸੀਨੀਅਰ ਔਫ਼ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਈਡਨ ਗਾਰਡਨ ਵਿੱਚ ਦੁਧੀਆ ਰੌਸ਼ਨੀ ਵਿੱਚ ਗ਼ੁਲਾਬੀ ਗੇਂਦ ਨਾਲ ਉਂਗਲੀ ਦੇ ਸਪਿਨਰਾਂ ਦੀ ਤੁਲਨਾ ਵਿੱਚ ਆਰਮ ਸਪਿਨਰਾਂ ਦੀ ਗੇਂਦ ਨੂੰ ਸਮਝਣਾ ਵਧੇਰੇ ਮੁਸ਼ਕਿਲ ਹੋਵੇਗਾ। ਹਰਭਜਨ ਨੇ ਕਿਹਾ, ”ਜੇਕਰ ਤੁਸੀਂ ਦੇਖੋਗੇ ਤਾਂ ਆਰਮ ਸਪਿਨਰ ਫ਼ਾਇਦੇ ਦੀ ਸਥਿਤੀ ਵਿੱਚ ਹਨ ਕਿਉਂਕਿ ਗ਼ੁਲਾਬੀ ਗੇਂਦ ਵਿੱਚ ਸੀਮ ਨੂੰ ਦੇਖਣਾ (ਕਾਲੇ ਧਾਗੇ ਦੇ ਕਾਰਣ) ਕਾਫ਼ੀ ਮੁਸ਼ਕਿਲ ਹੁੰਦਾ ਹੈ। ਭਾਰਤ ਕੋਲ ਕੁਲਦੀਪ ਯਾਦਵ ਦੇ ਰੂਪ ਵਿੱਚ ਆਰਮ ਸਪਿਨਰ ਹੈ, ਪਰ ਹਰਭਜਨ ਚੋਣ ਦੇ ਮਾਮਲਿਆਂ ‘ਤੇ ਗੱਲ ਨਹੀਂ ਕਰਨਾ ਚਾਹੁੰਦਾ।
ਹਰਭਜਨ ਨੇ ਕਿਹਾ, ”ਇਹ ਟੀਮ ਮੈਨੇਜਮੈਂਟ ਦਾ ਫ਼ੈਸਲਾ ਹੋਵੇਗਾ ਅਤੇ ਮੈਂ ਇਸ ‘ਤੇ ਟਿੱਪਣੀ ਨਹੀਂ ਕਰ ਸਕਦਾ, ਪਰ ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਪਿੱਚ ‘ਤੇ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਨਾਲ ਹੀ ਸਭ ਨੂੰ ਪਤਾ ਹੈ ਕਿ ਕੋਲਕਾਤਾ ਵਿੱਚ ਸੂਰਜ ਡੁੱਬਣ ਸਮੇਂ ਸਾਢੇ 3 ਤੋਂ ਸਾਢੇ 4 ਦੇ ਸਮੇਂ ਤੇਜ਼ ਗੇਂਦਬਾਜ਼ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੇ ਹਨ, ਪਰ ਜੇਕਰ ਅਸੀਂ ਭਵਿੱਖ ਵਿੱਚ ਡੇਅ-ਨਾਈਟ ਦੇ ਮੈਚ ਖੇਡਣੇ ਹਨ ਤਾਂ ਸਪਿਨਰਾਂ ਨੂੰ ਲੈ ਕੇ ਵਧੇਰੇ ਜਾਣਕਾਰੀ ਜੁਟਾਉਣ ਦੀ ਜ਼ਰੂਰਤ ਹੈ।”