ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ‘ਚ ਮਜੀਠੀਆ ਦਾ ਵੱਡਾ ਬਿਆਨ

ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਬਟਾਲਾ ਦੇ ਪਿੰਡ ਢਿੱਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਮਾਮਲੇ ‘ਚ ਵੱਡਾ ਬਿਆਨ ਦਿੰਦਿਆਂ ਇਸ ਨੂੰ ਸਿਆਸੀ ਕਤਲ ਕਰਾਰ ਦਿੱਤਾ ਹੈ। ਮਜੀਠੀਆ ਨੇ ਇਸ ਮੌਕੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਇਹ ਸਭ ਸੀਨੀਅਰ ਕਾਂਗਰਸੀ ਆਗੂਆਂ ਦੀ ਸ਼ੈਅ ‘ਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵੀ ਪੀੜਤ ਪਰਿਵਾਰ ਦੇ ਮੁਤਾਬਕ ਬਿਆਨ ਦਰਜ ਨਹੀਂ ਕਰ ਰਹੀ। ਉਨ੍ਹਾਂ ਨੇ ਇਸ ਮਾਮਲੇ ਸਬੰਧੀ ਡੀ. ਜੀ. ਪੀ. ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ‘ਚ ਜੰਗਲ ਰਾਜ ਚੱਲ ਰਿਹਾ ਹੈ ਅਤੇ 3 ਸਾਲਾਂ ‘ਚ ਕਾਨੂੰਨ ਵਿਵਸਥਾ ਤਹਿਸ-ਨਹਿਸ ਹੋ ਗਈ ਹੈ।
ਦੱਸ ਦੇਈਏ ਕਿ ਸਾਬਕਾ ਸਰਪੰਚ ਤੇ ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਦਾ ਸੋਮਵਾਰ ਰਾਤ ਪਿੰਡ ਢਿੱਲਵਾਂ ਵਿਖੇ ਉਸ ਵੇਲੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਰਾਤ ਦਾ ਖਾਣਾ ਖਾ ਕੇ ਘਰ ਦੇ ਬਾਹਰ ਸੈਰ ਕਰ ਰਹੇ ਸਨ। ਇਸ ਦੌਰਾਨ ਹਮਲਾਵਰਾਂ ਨੇ ਪਹਿਲਾਂ ਤਾਂ ਢਿੱਲਵਾਂ ਨੂੰ ਗੋਲੀਆਂ ਮਾਰੀਆਂ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਵੀ ਕਈ ਵਾਰ ਕੀਤੇ, ਜਿਸ ਕਾਰਨ ਢਿੱਲਵਾਂ ਦੀ ਮੌਤ ਹੋ ਗਈ।