ਸਿਆਚਿਨ ’ਚ ਬਰਫੀਲੇ ਤੂਫਾਨ ਕਾਰਨ 4 ਜਵਾਨਾਂ ਦੀ ਮੌਤ, ਰਾਜਨਾਥ ਸਿੰਘ ਨੇ ਜਤਾਇਆ ਸੋਗ

ਨਵੀਂ ਦਿੱਲੀ — ਸਿਆਚਿਨ ਗਲੇਸ਼ੀਅਰ ਦੇ ਉੱਤਰੀ ਹਿੱਸੇ ਵਿਚ ਬਰਫ ਖਿਸਕਣ ਦੀ ਲਪੇਟ ’ਚ ਆਉਣ ਕਾਰਨ ਫੌਜ ਦੇ 4 ਜਵਾਨ ਅਤੇ 2 ਕੁਲੀਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਇਹ ਹਾਦਸਾ ਸੋਮਵਾਰ ਦੁਪਹਿਰ ਬਾਅਦ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ 6 ਜਵਾਨਾਂ ਸਮੇਤ 8 ਲੋਕਾਂ ਦਾ ਇਕ ਸਮੂਹ ਦੁਪਹਿਰ ਬਾਅਦ 3 ਵਜੇ 19,000 ਫੁੱਟ ਦੀ ਉੱਚਾਈ ’ਤੇ ਬਰਫ ਖਿਸਕਣ ਕਾਰਨ ਉਸ ਦੀ ਲਪੇਟ ਵਿਚ ਆ ਗਿਆ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ ਵਿਚ ਫੌਜ ਦੇ 2 ਜਵਾਨ ਬਚ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਬਿਹਤਰ ਕੋਸ਼ਿਸ਼ ਕਰਨ ਦੇ ਬਾਵਜੂਦ ਜ਼ਿਆਦਾ ਠੰਡ ਦੀ ਵਜ੍ਹਾ ਕਰ ਕੇ 4 ਫੌਜੀਆਂ ਅਤੇ ਦੋ ਨਾਗਰਿਕਾਂ ਦੀ ਮੌਤ ਹੋ ਗਈ।
ਇੱਥੇ ਦੱਸ ਦੇਈਏ ਕਿ ਸਿਆਚਿਨ ਗਲੇਸ਼ੀਅਰ ਕਾਰਾਕੋਰਮ ਪਹਾੜ ’ਤੇ 20 ਹਜ਼ਾਰ ਫੁੱਟ ਦੀ ਉੱਚਾਈ ’ਤੇ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਉੱਚਾ ਫੌਜੀ ਖੇਤਰ ਹੈ। ਸਰਦੀਆਂ ਦੇ ਮੌਸਮ ’ਚ ਇੱਥੇ ਜਵਾਨਾਂ ਦਾ ਸਾਹਮਣਾ ਅਕਸਰ ਬਰਫੀਲੇ ਤੂਫਾਨ ਅਤੇ ਜ਼ਮੀਨ ਖਿਸਕਣ ਨਾਲ ਹੁੰਦਾ ਹੈ। ਪਾਰਾ ਵੀ ਇੱਥੇ ਜਵਾਨਾਂ ਦਾ ਦੁਸ਼ਮਣ ਬਣਦਾ ਹੈ ਅਤੇ ਇਲਾਕੇ ’ਚ ਤਾਪਮਾਨ ਸਿਫਰ ਤੋਂ 60 ਡਿਗਰੀ ਸੈਲਸੀਅਸ ਤਕ ਹੇਠਾਂ ਚਲਾ ਜਾਂਦਾ ਹੈ। ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਰਫ ਖਿਸਕਣ ਦੀ ਲਪੇਟ ’ਚ ਆਉਣ ਨਾਲ ਫੌਜ ਦੇ ਜਵਾਨਾਂ ਅਤੇ ਉਨ੍ਹਾਂ ਦੇ ਕੁਲੀਆਂ ਦੀ ਮੌਤ ’ਤੇ ਸੋਗ ਜਤਾਇਆ। ਸਿੰਘ ਨੇ ਟਵੀਟ ਕੀਤਾ, ‘‘ਸਿਆਚਿਨ ’ਚ ਬਰਫ ਖਿਸਕਣ ਦੀ ਲਪੇਟ ’ਚ ਆਉਣ ਨਾਲ ਜਵਾਨਾਂ ਅਤੇ ਕੁਲੀਆਂ ਦੀ ਮੌਤ ਤੋਂ ਡੂੰਘਾ ਦੁੱਖ ਪੁੱਜਾ ਹੈ। ਮੈਂ ਉਨ੍ਹਾਂ ਦੇ ਸਾਹਸ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਨੂੰ ਸਲਾਮ ਕਰਦਾ ਹਾਂ।’’