ਵਿਵਸਥਾ ਵਿਗੜਨ ਦਾ ਡਰ, ਨਹੀਂ ਹੋਣੀ ਚਾਹੀਦੀ ਹਨੀਪ੍ਰੀਤ ਤੇ ਰਾਮ ਰਹੀਮ ਦੀ ਮੁਲਾਕਾਤ : ਪੁਲਸ

ਸਿਰਸਾ— ਸਿਰਸਾ ਪੁਲਸ ਨੇ ਹਨੀਪ੍ਰੀਤ ਅਤੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਆਪਣੀ ਰਿਪੋਰਟ ਸੁਨਾਰੀਆ ਜੇਲ ਸੁਪਰਡੈਂਟ ਨੂੰ ਭੇਜ ਦਿੱਤੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਆਪਣੀ ਰਿਪੋਰਟ ‘ਚ ਹਨੀਪ੍ਰੀਤ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਮੰਨਿਆ ਹੈ। ਅਜਿਹੇ ‘ਚ ਦੋਹਾਂ ਦਰਮਿਆਨ ਮੁਲਾਕਾਤ ਹੋਣ ਨਾਲ ਸਿਰਸਾ ‘ਚ ਕਾਨੂੰਨ ਵਿਵਸਥਾ ਵਿਗੜਨ ਅਤੇ ਅਸ਼ਾਂਤੀ ਫੈਲਣ ਦਾ ਖਦਸ਼ਾ ਹੈ। ਇਸ ਲਈ ਹਨੀਪ੍ਰਤੀ ਅਤੇ ਰਾਮ ਰਹੀਮ ਦਰਮਿਆਨ ਮੁਲਾਕਾਤ ਨਹੀਂ ਹੋਣ ਦੇਣੀ ਚਾਹੀਦੀ।
ਡੇਰਾ ਸੱਚਾ ਸੌਦਾ ‘ਚ ਰਹਿ ਰਹੀ ਹਨੀਪ੍ਰੀਤ
ਦੱਸਣਯੋਗ ਹੈ ਕਿ ਪੰਚਕੂਲਾ ਜ਼ਿਲਾ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਅੰਬਾਲਾ ਜੇਲ ਤੋਂ ਸਿਰਸਾ ਡੇਰਾ ਸੱਚਾ ਸੌਦਾ ਪੁੱਜੀ। ਹਨੀਪ੍ਰੀਤ ਫਿਲਹਾਲ ਡੇਰਾ ਸੱਚਾ ਸੌਦਾ ‘ਚ ਹੀ ਰਹਿ ਰਹੀ ਹੈ। 12 ਨਵੰਬਰ ਨੂੰ ਸ਼ਾਹ ਮਸਤਾਨਾ ਦੇ ਅਵਤਾਰ ਦਿਵਸ ‘ਤੇ ਡੇਰਾ ‘ਚ ਆਯੋਜਿਤ ਪ੍ਰੋਗਰਾਮ ‘ਚ ਹਨੀਪ੍ਰੀਤ ਪਹਿਲੀ ਵਾਰ ਦਿੱਸੀ। ਹਨੀਪ੍ਰੀਤ ਨਾਲ ਰਾਮ ਰਹੀਮ ਦਾ ਪਰਿਵਾਰ ਸੀ। ਰਾਮ ਰਹੀਮ ਨਾਲ ਉਸ ਦੇ ਘਰਵਾਲਿਆਂ ਨੇ ਕੁਝ ਦਿਨ ਪਹਿਲਾਂ ਸੁਨਾਰੀਆ ਜੇਲ ‘ਚ ਮੁਲਾਕਾਤ ਕੀਤੀ, ਜਦਕਿ ਹਨੀਪ੍ਰੀਤ ਨੇ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਲਈ ਜੇਲ ਪ੍ਰਸ਼ਾਸਨ ਤੋਂ ਗੁਹਾਰ ਲਗਾਈ।
2017 ‘ਚ ਸੁਣਾਇਆ ਗਿਆ ਸੀ ਫੈਸਲਾ
ਦੱਸਣਯੋਗ ਹੈ ਕਿ ਸਾਧਵੀ ਯੌਨ ਸ਼ੋਸ਼ਣ ਮਾਮਲੇ ‘ਚ ਪੰਚਕੂਲਾ ਸੀ.ਬੀ.ਆਈ. ਕੋਰਟ ਨੇ 25 ਅਗਸਤ 2017 ਨੂੰ ਫੈਸਲਾ ਸੁਣਾਇਆ ਸੀ। 17 ਅਗਸਤ 2017 ਨੂੰ ਡੇਰਾ ਮੁਖੀ ਦੀ ਅਗਵਾਈ ‘ਚ ਡੇਰਾ ਪ੍ਰਬੰਧਨ ਕਮੇਟੀ ਦੀ ਅਹਿਮ ਅਹੁਦਾ ਅਧਿਕਾਰੀਆਂ ਅਤੇ ਕਰੀਬੀਆਂ ਦੀ ਬੈਠਕ ਹੋਈ। 25 ਅਗਸਤ ਨੂੰ ਸੀ.ਬੀ.ਆਈ. ਕੋਰਟ ਨੇ ਜਿਵੇਂ ਹੀ ਰਾਮ ਰਹੀਮ ਨੂੰ ਸਾਧਵੀ ਰੇਪ ਕੇਸ ‘ਚ ਦੋਸ਼ੀ ਕਰਾਰ ਦਿੱਤਾ ਤਾਂ ਸਿਰਸਾ ‘ਚ ਹਿੰਸਾ ਭੜਕ ਉੱਠੀ ਅਤੇ ਹਜ਼ਾਰਾਂ ਡੇਰਾ ਪੈਰੋਕਾਰਾਂ ਨੇ ਵੀਟਾ ਮਿਲਕ ਪਲਾਂਟ ਅਤੇ ਬੇਗੂ ਬਿਜਲੀ ਘਰ ‘ਚ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ।