ਭਗਵੰਤ ਮਾਨ ਨੇ ਸੰਸਦ ‘ਚ ਚੁੱਕਿਆ ਜਗਮੇਲ ਦੇ ਕਤਲ ਦਾ ਮੁੱਦਾ

ਨਵੀਂ ਦਿੱਲੀ— ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਲੋਕ ਸਭਾ ‘ਚ ਅੱਜ ਯਾਨੀ ਸੋਮਵਾਰ ਨੂੰ ਜਗਮੇਲ ਦੇ ਕਤਲ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਤਲ ਦਾ ਮੁੱਦਾ ਚੁੱਕਦੇ ਹੋਏ ਜਗਮੇਲ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਿਵਾਰ ਲਈ 50 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਭਗਵੰਤ ਮਾਨ ਨੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਅਤੇ ਇਸ ਮੁੱਦੇ ਨੂੰ ਸੰਸਦ ‘ਚ ਚੁੱਕਣ ਦੀ ਗੱਲ ਕਹੀ ਸੀ। ਉੱਥੇ ਹੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ ਦੌਰੇ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਛੁੱਟੀਆਂ ‘ਤੇ ਗਈ ਹੋਈ ਹੈ। ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਗੱਲ ਕਹੀ ਹੈ।
ਦੱਸਣਯੋਗ ਹੈ ਕਿ ਸੰਗਰੂਰ ਦੇ ਪਿੰਡ ਚੰਗਾਲੀਵਾਲਾ ‘ਚ ਦਲਿਤ ਨੌਜਵਾਨ ਨੂੰ ਕੁਝ ਵਿਅਕਤੀਆਂ ਵਲੋਂ 3 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਸੀ। ਇਸ ਦੌਰਾਨ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਇਹੀ ਨਹੀਂ ਉਨ੍ਹਾਂ ਨੌਜਵਾਨਾਂ ਨੇ ਪੀੜਤ ਦੀਆਂ ਲੱਤਾਂ ਦੇ ਮਾਸ ਨੂੰ ਪਲਾਸ ਨਾਲ ਨੋਚ ਦਿੱਤਾ, ਜਿਸ ਕਾਰਨ ਜ਼ਖਮੀ ਨੌਜਵਾਨ ਦੀ ਪੀ.ਜੀ.ਆਈ. ਵਿਚ ਇਲਾਜ ਦੌਰਾਨ ਸ਼ਨੀਵਾਰ ਨੂੰ ਮੌਤ ਹੋ ਗਈ। ਇੱਥੋਂ ਤੱਕ ਕਿ ਨੌਜਵਾਨ ਨੇ ਜਦੋਂ ਪਾਣੀ ਮੰਗਿਆ ਤਾਂ ਉਸ ਨੂੰ ਵਿਅਕਤੀਆਂ ਵਲੋਂ ਪਿਸ਼ਾਬ ਪਿਲਾ ਦਿੱਤਾ ਗਿਆ ਸੀ।