ਹਿਮਾਚਲ ‘ਚ ਬਣੀਆਂ 13 ਦਵਾਈਆਂ ਦੇ ਸੈਂਪਲ ਫੇਲ

ਸੋਲਨ—ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ‘ਚ ਬਣਨ ਵਾਲੀਆਂ ਦਵਾਈਆਂ ਲਗਾਤਾਰ ਮਾਪਦੰਡਾਂ ‘ਤੇ ਪੂਰਾ ਖਰਾ ਨਹੀਂ ਉਤਰ ਰਹੀਆਂ ਹਨ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਸੰਗਠਨ (ਸੀ.ਡੀ.ਐੱਸ.ਸੀ.ਓ) ਦੇ ਅਕਤੂਬਰ ਮਹੀਨੇ ਦੇ ਡਰੱਗ ਅਲਰਟ ‘ਚ ਦੇਸ਼ ਭਰ ਦੀਆਂ ਫੇਲ ਹੋਈਆਂ 35 ਦਵਾਈਆਂ ‘ਚੋਂ ਹਿਮਾਚਲ ਪ੍ਰਦੇਸ਼ ਦੀਆਂ 13 ਦਵਾਈਆਂ ਵੀ ਸ਼ਾਮਲ ਹਨ। ਸੈਂਪਲ ਫੇਲ ਹੋਣ ਵਾਲੀਆਂ ਦਵਾਈਆਂ ‘ਚ ਉਦਯੋਗਿਕ ਖੇਤਰ ਬਦੀ-ਬਰੋਟੀਵਾਲਾ-ਨਾਲਾਗੜ੍ਹ (ਬੀ.ਬੀ.ਐੱਨ) ਦੀ 9 ਅਤੇ ਸਿਰਮੌਰ-ਊਨਾ ‘ਚ 1 ਅਤੇ ਕਾਂਗੜਾ ਜ਼ਿਲੇ ‘ਚ ਸਥਿਤ ਦਵਾਈਆਂ ਵਾਲੀਆਂ ਫੈਕਟਰੀਆਂ ‘ਚ ਬਣਨ ਵਾਲੀਆਂ ਦਵਾਈਆਂ ਸ਼ਾਮਲ ਹਨ। ਦੱਸ ਦੇਈਏ ਕਿ ਦੇਸ਼ ਭਰ ‘ਚ 1,163 ਦਵਾਈਆਂ ਦੇ ਸੈਂਪਲ ਲਏ ਗਏ ਸੀ।
ਇਨ੍ਹਾਂ ਦਵਾਈਆਂ ਦੇ ਸੈਂਪਲ ਸੀ.ਡੀ.ਐੱਸ.ਸੀ. ਸਬ ਜੋਨ ਇੰਦੌਰ, ਸੀ.ਡੀ.ਐੱਸ.ਸੀ.ਓ. ਨਾਰਥ ਜੋਨ ਗਾਜੀਆਬਾਦ, ਸੀ.ਡੀ.ਐੱਸ.ਸੀ.ਓ ਸਬ ਜੋਨ ਬੱਦੀ, ਡਰੱਗ ਕੰਟਰੋਲ ਆਫਿਸ ਰੋਹਤਕ, ਸੀ.ਡੀ.ਐੱਸ.ਸੀ.ਓ ਹੈਦਰਾਬਾਦ, ਡਰੱਗਜ਼ ਕੰਟਰੋਲ ਡਿਪਾਰਟਮੈਂਟ ਅਰੁਣਾਚਲ ਪ੍ਰਦੇਸ਼ ਤੋਂ ਲਏ ਗਏ ਹਨ ਜਦਕਿ ਸੀ.ਡੀ.ਟੀ.ਐੱਲ ਮੁੰਬਈ, ਆਰ.ਡੀ.ਟੀ.ਐੱਲ ਮੁੰਬਈ, ਆਰ. ਡੀ.ਟੀ.ਐੱਲ ਚੰਡੀਗੜ੍ਹ, ਸੀ.ਡੀ.ਐੱਲ ਕੋਲਕਾਤਾ, ਆਰ. ਡੀ.ਟੀ. ਐੱਲ ਗੁਵਾਹਾਟੀ ‘ਚ ਸੈਂਪਲ ਦੀ ਜਾਂਚ ਕੀਤੀ ਗਈ ਹੈ।