ਭਾਰਤ ‘ਚ ਗਣਤੰਤਰ ਦਿਵਸ ਮੌਕੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੋਣਗੇ ਮੁੱਖ ਮਹਿਮਾਨ

ਬ੍ਰਾਸੀਲੀਆ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਅਗਲੇ ਸਾਲ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਬਣਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਦਾ ਸਵੀਕਾਰ ਕਰ ਲਿਆ ਹੈ। ਮੋਦੀ 11ਵੇਂ ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਹਨ। ਮੋਦੀ ਨੇ ਇਸ ਸਿਖਰ ਸੰਮੇਲਨ ਤੋਂ ਵੱਖ ਬੋਲਸਨਾਰੋ ਦੇ ਨਾਲ ਮੁਲਾਕਾਤ ਕੀਤੀ। ਇਸ ਸਿਖਰ ਸੰਮੇਲਨ ਦਾ ਉਦੇਸ਼ ਅੱਤਵਾਦ ਵਿਰੋਧੀ ਸਹਿਯੋਗ ਲਈ ਸਿਸਟਮ ਬਣਾਉਣਾ ਹੈ। ਬ੍ਰਿਕਸ ਵਿਸ਼ਵ ਦੀਆਂ ਪੰਜ ਉੱਭਰਦੀਆਂ ਅਰਥਵਿਵਸਥਾਵਾਂ ਦਾ ਸਮੂਹ ਹੈ ਜਿਸ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਅਧਿਕਾਰਤ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਲਸਨਾਰੋ ਨੂੰ 2020 ਦੇ ਗਣਤੰਤਰ ਦਿਵਸ ਸਮਾਰੋਹ ਲਈ ਸੱਦਾ ਦਿੱਤਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਇਹ ਸੱਦਾ ਖੁਸ਼ੀ ਨਾਲ ਸਵੀਕਾਰ ਕਰ ਲਿਆ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਸੱਦਾ ਸਵੀਕਾਰ ਕਰਦਿਆਂ ਪੀ.ਐੱਮ. ਮੋਦੀ ਨੂੰ ਦੱਸਿਆ ਕਿ ਉਨ੍ਹਾਂ ਨਾਲ ਇਕ ਵੱਡਾ ਵਪਾਰਕ ਵਫਦ ਵੀ ਭਾਰਤ ਆਵੇਗਾ। ਬਿਆਨ ਵਿਚ ਕਿਹਾ ਗਿਆ ਕਿ ਦੋਵੇਂ ਨੇਤਾਵਾਂ ਨੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਰਥਕ ਵਾਰਤਾ ਕੀਤੀ। ਇਸ ਵਿਚ ਕਿਹਾ ਗਿਆ,”ਦੋਵੇਂ ਨੇਤਾਵਾਂ ਨੇ ਸਹਿਮਤੀ ਜ਼ਾਹਰ ਕੀਤੀ ਕਿ ਇਸ ਮੌਕੇ ‘ਤੇ ਦੋਵੇਂ ਦੇਸ਼ ਰਣਨੀਤਕ ਹਿੱਸੇਦਾਰੀ ਨੂੰ ਵਿਆਪਕ ਤਰੀਕੇ ਨਾਲ ਵਧਾ ਸਕਦੇ ਹਨ।”
ਬਿਆਨ ਵਿਚ ਦੱਸਿਆ ਗਿਆ ਕਿ ਮੋਦੀ ਨੇ ਕਿਹਾ ਕਿ ਉਹ ਵਪਾਰ ਨਾਲ ਸਬੰਧਤ ਮਾਮਲਿਆਂ ‘ਤੇ ਚਰਚਾ ਲਈ ਉਤਸੁਕ ਹਨ। ਮੋਦੀ ਨੇ ਬ੍ਰਾਜ਼ੀਲ ਤੋਂ ਸੰਭਾਵਿਤ ਨਿਵੇਸ਼ ਦੇ ਖੇਤਰਾਂ ਦਾ ਜ਼ਿਕਰ ਕੀਤਾ ਜਿਸ ਵਿਚ ਖੇਤੀਬਾੜੀ ਉਪਕਰਨ, ਪਸ਼ੂਪਾਲਨ, ਫਸਲ ਕਟਾਈ ਤਕਨੀਕ ਅਤੇ ਬਾਇਓਫਿਊਲਜ਼ ਦੇ ਖੇਤਰ ਆਦਿ ਸ਼ਾਮਲ ਹਨ। ਦੋਹਾਂ ਨੇਤਾਵਾਂ ਨੇ ਪੁਲਾੜ ਅਤੇ ਰੱਖਿਆ ਸਮੇਤ ਸਹਿਯੋਗ ਦੇ ਹੋਰ ਖੇਤਰਾਂ ‘ਤੇ ਵੀ ਚਰਚਾ ਕੀਤੀ। ਮੋਦੀ ਨੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਫਤ ਯਾਤਰਾ ਦੀ ਸਹੂਲਤ ਦੇਣ ਦੇ ਰਾਸ਼ਟਰਪਤੀ ਬੋਲਸਨਾਰੋ ਦੇ ਫੈਸਲੇ ਦਾ ਸਵਾਗਤ ਕੀਤਾ।