ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ 2 ਮੁਲਜ਼ਮ ਗ੍ਰਿਫਤਾਰ, ਨਿਸ਼ਾਨੇ ‘ਤੇ ਸਨ ਹਿੰਦੂ ਨੇਤਾ

ਮੋਹਾਲੀ : ਸਟੇਟ ਸਪੈਸ਼ਲ ਆਪਰੇਸ਼ਨ ਸ਼ੈੱਲ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਵਾਲੀ ਇਕ ਔਰਤ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਦੋਹਾਂ ਦੋਸ਼ੀਆਂ ਦੀ ਪਛਾਣ ਸੁਰਿੰਦਰ ਕੌਰ, ਵਾਸੀ ਫਰੀਦਕੋਟ ਅਤੇ ਲਖਬੀਰ ਸਿੰਘ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵੇਂ ਦੋਸ਼ੀ ਇਸ ਸਮੇਂ ਪੁਲਸ ਰਿਮਾਂਡ ‘ਤੇ ਚੱਲ ਰਹੇ ਹਨ। ਉਨ੍ਹਾਂ ਨੂੰ ਬੀਤੇ ਦਿਨ ਅਦਾਲਤ ‘ਚ ਵੀ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੁਬਾਰਾ ਉਨ੍ਹਾਂ ਨੂੰ ਪੁਲਸ ਰਿਮਾਂਡ ‘ਤੇ ਭੇਜ ਦਿੱਤਾ।
ਭਾਵੇਂ ਹੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਪੁਲਸ ਨੇ ਦੋਹਾਂ ਦੀ ਗ੍ਰਿਫਤਾਰੀ ਬਾਰੇ ਮੀਡੀਆ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਪਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਗ੍ਰਿਫਤਾਰ ਕੀਤੀ ਗਈ ਸੁਰਿੰਦਰ ਕੌਰ ਲੁਧਿਆਣਾ ਦੇ ਕਿਸੇ ਪ੍ਰਾਈਵੇਟ ਹਸਪਤਾਲ ‘ਚ ਨਰਸ ਦੇ ਤੌਰ ‘ਤੇ ਕੰਮ ਕਰ ਰਹੀ ਸੀ। ਪੁਲਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਕਤ ਦੋਵੇਂ ਦੋਸ਼ੀਆਂ ਦੀ ਜਾਣ-ਪਛਾਣ ਫੇਸਬੁੱਕ ਰਾਹੀਂ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਮਿਲ ਕੇ ਕੰਮ ਕਰਨ ਲੱਗੇ।
ਦੁਬਈ ਵਾਪਸ ਜਾਂਦੇ ਸਮੇਂ ਦਬੋਚਿਆ ਦੋਸ਼ੀ
ਜਾਣਕਾਰੀ ਮੁਤਾਬਕ ਦੋਸ਼ੀ ਲਖਬੀਰ ਸਿੰਘ ਕੁਝ ਸਮਾਂ ਪਹਿਲਾਂ ਦੁਬਈ ਤੋਂ ਭਾਰਤ ਆਇਆ ਸੀ ਅਤੇ ਵਾਪਸ ਦੁਬਈ ਜਾ ਰਿਹਾ ਸੀ। ਜਿਵੇਂ ਹੀ ਇਸ ਦੀ ਭਿਣਕ ਪੁਲਸ ਨੂੰ ਲੱਗੀ ਤਾਂ ਪੁਲਸ ਨੇ ਏਅਰਪੋਰਟ ‘ਤੇ ਹੀ ਉਸ ਨੂੰ ਦਬੋਚ ਲਿਆ। ਉਸ ‘ਤੇ ਦੋਸ਼ ਹੈ ਕਿ ਉਹ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇਣ ਲਈ ਵਿਦੇਸ਼ ਤੋਂ ਫੰਡਿੰਗ ਕਰਦਾ ਸੀ।
ਕਈ ਹਿੰਦੂ ਨੇਤਾ ਤੇ ਪੁਲਸ ਅਧਿਕਾਰੀ ਸੀ ਨਿਸ਼ਾਨੇ ‘ਤੇ
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਉਕਤ ਦੋਸ਼ੀਆਂ ਦੇ ਨਿਸ਼ਾਨੇ ‘ਤੇ ਕੁਝ ਹਿੰਦੂ ਨੇਤਾ ਸੀ। ਇਸ ਕੰਮ ਲਈ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਪੈਸਾ ਮਿਲਦਾ ਸੀ। ਪੁਲਸ ਹੁਣ ਰਿਮਾਂਡ ਦੌਰਾਨ ਇਨ੍ਹਾਂ ਤੋਂ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੌਣ-ਕੌਣ ਨੇਤਾ ਇਨ੍ਹਾਂ ਦੇ ਨਿਸ਼ਾਨੇ ‘ਤੇ ਸੀ ਅਤੇ ਵਿਦੇਸ਼ਾਂ ਤੋਂ ਕਿਹੜੇ ਲੋਕ ਇਨ੍ਹਾਂ ਨੂੰ ਪੈਸਾ ਦੇ ਰਹੇ ਸਨ।