ਨੋਟਬੰਦੀ ਅੱਤਵਾਦੀ ਹਮਲੇ ਵਾਂਗ, ਕਈ ਲੋਕਾਂ ਦੀ ਲਈ ਜਾਨ : ਰਾਹੁਲ ਗਾਂਧੀ

ਨਵੀਂ ਦਿੱਲੀ— ਦੇਸ਼ ਦੀ ਅਰਥ ਵਿਵਸਥਾ ਦੇ ਇਤਿਹਾਸ ‘ਚ ਅੱਜ ਯਾਨੀ 8 ਨਵੰਬਰ ਦਾ ਦਿਨ ਇਕ ਖਾਸ ਦਿਨ ਦੇ ਤੌਰ ‘ਤੇ ਦਰਜ ਹੈ। ਹੁਣ ਤੋਂ ਤਿੰਨ ਸਾਲ ਪਹਿਲਾਂ ਯਾਨੀ 2016 ‘ਚ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ 500 ਤੋਂ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਨੋਟਬੰਦੀ ਨੂੰ ਲੈ ਕੇ ਵਿਰੋਧੀ ਧਿਰ ਹਮੇਸ਼ਾ ਮੋਦੀ ਸਰਕਾਰ ‘ਤੇ ਹਮਲਾਵਰ ਰਿਹਾ ਹੈ।
ਨੋਟਬੰਦੀ ਅੱਤਵਾਦੀ ਹਮਲੇ ਦੀ ਤਰ੍ਹਾਂ
ਹੁਣ ਨੋਟਬੰਦੀ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਅੱਤਵਾਦੀ ਹਮਲੇ ਦੀ ਤਰ੍ਹਾਂ ਦੱਸਿਆ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ,”ਨੋਟਬੰਦੀ ਦੇ ਅੱਤਵਾਦੀ ਹਮਲੇ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਰਬਾਦ ਕੀਤਾ। ਨੋਟਬੰਦੀ ਨਾਲ ਲੱਖਾਂ ਛੋਟੇ ਕਾਰੋਬਾਰ ਤਬਾਹ ਹੋਏ ਅਤੇ ਬੇਰੋਜ਼ਗਾਰੀ ਵਧੀ ਹੈ। ਨੋਟਬੰਦੀ ਨੇ ਕਈ ਲੋਕਾਂ ਦੀ ਜਾਨ ਲੈ ਲਈ। ਰਾਹੁਲ ਨੇ ਕਿਹਾ ਕਿ ਨੋਟਬੰਦੀ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਪ੍ਰਿਯੰਕਾ ਨੇ ਨੋਟਬੰਦੀ ਨੂੰ ਦੱਸਿਆ ਆਫ਼ਤ
ਨੋਟਬੰਦੀ ਦੇ ਤਿੰਨ ਸਾਲ ਪੂਰਾ ਹੋਣ ‘ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨੋਟਬੰਦੀ ਦੀਆਂ ਬੀਮਾਰੀਆਂ ਦਾ ਸ਼ਰਤੀਆ ਇਲਾਜ ਨਸ਼ਟ ਹੋ ਗਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਨੋਟਬੰਦੀ ਇਕ ਆਫ਼ਤ ਸੀ, ਜਿਸ ਨੇ ਸਾਡੀ ਅਰਥ ਵਿਵਸਥਾ ਨਸ਼ਟ ਕਰ ਦਿੱਤੀ। ਇਸ ਤੁਗਲਕੀ ਕਦਮ ਦੀ ਜ਼ਿੰਮੇਵਾਰੀ ਹੁਣ ਕੌਣ ਲਵੇਗਾ?
ਮਮਤਾ ਬੈਨਰਜੀ ਨੇ ਵੀ ਸਾਧਿਆ ਨਿਸ਼ਾਨਾ
ਉੱਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਨੋਟਬੰਦੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਫੈਸਲੇ ਨਾਲ ਕਿਸਾਨ, ਨੌਜਵਾਨ ਅਤੇ ਰੋਜ਼ਗਾਰ ਸਭ ਪ੍ਰਭਾਵਿਤ ਹੋਏ ਸਨ। ਮੈਂ ਪਹਿਲੇ ਹੀ ਦਿਨ ਕਿਹਾ ਸੀ ਕਿ ਇਸ ਨਾਲ ਅਰਥ ਵਿਵਸਥਾ ਅਤੇ ਲੋਕਾਂ ਦੀ ਜ਼ਿੰਦਗੀ ਬਰਬਾਦ ਹੋਵੇਗੀ। ਮਮਤਾ ਨੇ ਕਿਹਾ ਕਿ ਅੱਜ ਮਾਹਰ ਵੀ ਨੋਟਬੰਦੀ ਦੇ ਨੁਕਸਾਨ ਨੂੰ ਮੰਨ ਰਹੇ ਹਨ।
ਨੋਟਬੰਦੀ ਦੌਰਾਨ ਇਹ ਸੀ ਮਾਹੌਲ
ਦੱਸਣਯੋਗ ਹੈ ਕਿ ਪੀ.ਐੱਮ. ਮੋਦੀ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਦੇਸ਼ ‘ਚ ਭੱਜ-ਦੌੜ ਵਰਗਾ ਮਾਹੌਲ ਸੀ, ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਸਨ। ਵਿਰੋਧੀ ਧਿਰ ਨੇ ਇਸ ਨੂੰ ਐਮਰਜੈਂਸੀ ਕਰਾਰ ਦਿੱਤਾ ਸੀ। ਸਰਕਾਰ ਨੇ ਐਲਾਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ‘ਚ ਮੌਜੂਦ ਕਾਲੇ ਧਨ ਅਤੇ ਨਕਲੀ ਮੁਦਰਾ ਦੀ ਸਮੱਸਿਆ ਨੂੰ ਖਤਮ ਕਰਨ ਲਈ ਇਹ ਕਦਮ ਚੁੱਕਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਜਿਸ ਤੋਂ ਬਾਅਦ 500 ਦੇ ਨਵੇਂ ਨੋਟ ਅਤੇ 2 ਹਜ਼ਾਰ ਰੁਪਏ ਦੇ ਨੋਟ ਜਾਰੀ ਕੀਤੇ ਗਏ।