ਗਾਂਧੀ ਪਰਿਵਾਰ ਦੀ SPG ਸੁਰੱਖਿਆ ਹਟਾਏਗੀ ਸਰਕਾਰ, ਹੁਣ ਮਿਲੇਗੀ Z+ ਸਕਿਓਰਿਟੀ

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਬਾਅਦ ਹੁਣ ਸਰਕਾਰ ਗਾਂਧੀ ਪਰਿਵਾਰ ਨੂੰ ਮਿਲੀ ਐੱਸ.ਪੀ.ਜੀ. ਸੁਰੱਖਿਆ ਵਾਪਸ ਲੈਣ ਜਾ ਰਹੀ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ-ਨਾਲ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਿਆ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ.ਪੀ.ਜੀ.) ਕਵਰ ਵਾਪਲ ਲੈ ਲਿਆ ਗਿਆ ਹੈ। ਹੁਣ ਕਾਂਗਰਸ ਦੇ ਇਨ੍ਹਾਂ ਤਿੰਨਾਂ ਨੇਤਾਵਾਂ ਨੂੰ ਜ਼ੈੱਡ ਪਲੱਸ ਸਕਿਓਰਿਟੀ ਦਿੱਤੀ ਜਾਵੇਗੀ। ਸੂਤਰਾਂ ਅਨੁਸਾਰ ਗ੍ਰਹਿ ਮੰਤਰੀ ਦੀ ਉੱਚ ਪੱਧਰੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਸਰਕਾਰ ਦੇ ਫੈਸਲੇ ਦੀ ਨਿੰਦਾ ਕੀਤੀ ਹੈ।
ਹੁਣ ਸਿਰਫ਼ ਮੋਦੀ ਕੋਲ ਰਹਿ ਗਿਆ ਹੈ ਐੱਸ.ਪੀ.ਜੀ ਕਵਰ
ਜ਼ੈੱਡ ਪਲੱਸ ਸੁਰੱਖਿਆ ਦੇ ਅਧੀਨ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਮਾਂਡੋਜ਼ ਗਾਂਧੀ ਪਰਿਵਾਰ ਦੀ ਸੁਰੱਖਿਆ ਕਰਨਗੇ। ਅਜਿਹੇ ਮਾਮਲੇ ‘ਚ ਗ੍ਰਹਿ ਮੰਤਰਾਲੇ ਦਾ ਤਰਕ ਹੁੰਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਸਾਹਮਣੇ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਦਿੱਤੀ ਜਾਵੇਗੀ। ਫਿਲਹਾਲ ਗਾਂਧੀ ਪਰਿਵਾਰ ਨੂੰ ਕੋਈ ਖਤਰਾ ਨਹੀਂ ਹੈ ਅਤੇ ਅਜਿਹੇ ‘ਚ ਜ਼ੈੱਡ ਪਲੱਸ ਦੀ ਸੁਰੱਖਿਆ ਠੀਕ ਹੋਵੇਗੀ। ਗ੍ਰਹਿ ਮੰਤਰਾਲੇ ਸਮੇਂ-ਸਮੇਂ ‘ਤੇ ਸੁਰੱਖਿਆ ਕਵਰ ਨੂੰ ਲੈ ਕੇ ਸਮੀਖਿਆ ਕਰਦਾ ਰਹਿੰਦਾ ਹੈ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਪਰਿਵਾਰ ਨੂੰ ਐੱਸ.ਪੀ.ਜੀ. ਸੁਰੱਖਿਆ ਕਵਰ ਦੇਣ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਤੋਂ ਬਾਅਦ ਹੁਣ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੀ ਐੱਸ.ਪੀ.ਜੀ. ਕਵਰ ਰਹਿ ਗਿਆ ਹੈ।
ਗਾਂਧੀ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਸਰਕਾਰ
ਕਾਂਗਰਸ ਨੇਤਾ ਰਾਸ਼ਿਦ ਅਲਵੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਐੱਸ.ਪੀ.ਜੀ. ਦੀ ਸੁਰੱਖਿਆ ਹਟਾ ਕੇ ਗਾਂਧੀ ਪਰਿਵਾਰ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ। ਅਲਵੀ ਨੇ ਕਿਹਾ ਕਿ ਇਹ ਫੈਸਲਾ ਮੰਦਭਾਗੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ 2 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ, ਅਜਿਹੇ ‘ਚ ਇਹ ਸੁਰੱਖਿਆ ਨਹੀਂ ਹਟਣੀ ਚਾਹੀਦੀ ਸੀ। ਕਾਂਗਰਸ ਪਾਰਟੀ ਨੇ ਕਿਹਾ ਕਿ ਭਾਜਪਾ ਬਦਲੇ ਦੀ ਰਾਜਨੀਤੀ ਕਰ ਰਹੀ ਹੈ।