ਅਯੁੱਧਿਆ ‘ਤੇ ਫੈਸਲੇ ਤੋਂ ਪਹਿਲਾਂ ਚੀਫ ਜਸਟਿਸ ਨੇ ਯੂ. ਪੀ. ਦੇ DGP ਤੇ ਮੁੱਖ ਸਕੱਤਰ ਨਾਲ ਕੀਤੀ ਮੀਟਿੰਗ

ਨਵੀਂ ਦਿੱਲੀ — ਅਯੁੱਧਿਆ ‘ਚ ਸ਼੍ਰੀਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ਵਿਚ ਫੈਸਲਾ ਆਉਣ ਵਾਲਾ ਹੈ। ਇਸ ਤੋਂ ਪਹਿਲਾਂ ਚੀਫ ਜਸਟਿਸ ਰੰਜਨ ਗੋਗੋਈ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਅਤੇ ਡੀ. ਜੀ. ਪੀ. ਤੋਂ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਜਾਣਕਾਰੀ ਲਈ ਹੈ। ਗੋਗੋਈ ਨੇ ਸੂਬੇ ਦੇ ਮੁੱਖ ਸਕੱਤਰ ਰਾਜਿੰਦਰ ਕੁਮਾਰ ਤਿਵਾੜੀ ਅਤੇ ਡੀ. ਜੀ. ਪੀ. ਓ. ਪੀ. ਸਿੰਘ ਨੂੰ ਦਿੱਲੀ ਬੁਲਾਇਆ ਸੀ। ਚੀਫ ਜਸਟਿਸ ਨੇ ਆਪਣੇ ਚੈਂਬਰ ਵਿਚ ਦੋਹਾਂ ਅਫਸਰਾਂ ਤੋਂ ਕਾਨੂੰਨ ਵਿਵਸਥਾ ਦੀ ਜਾਣਕਾਰੀ ਲਈ। ਦੱਸਿਆ ਜਾ ਰਿਹਾ ਹੈ ਕਿ ਚੀਫ ਜਸਟਿਸ ਨਾਲ ਦੋਹਾਂ ਅਧਿਕਾਰੀਆਂ ਦੀ ਇਹ ਮੀਟਿੰਗ ਕਰੀਬ ਡੇਢ ਘੰਟੇ ਤਕ ਚੱਲੀ। ਮੀਟਿੰਗ ਵਿਚ ਫੈਸਲਾ ਸੁਣਾਉਣ ਵਾਲੇ ਬੈਂਚ ਦੇ ਚਾਰੋਂ ਜੱਜ ਵੀ ਮੌਜੂਦ ਰਹੇ ਸਨ।
ਇੱਥੇ ਦੱਸ ਦੇਈਏ ਕਿ ਅਯੁੱਧਿਆ ਦੀ ਵਿਵਾਦਿਤ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਸੁਪਰੀਮ ਕੋਰਟ ‘ਚ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਨੇ 17 ਅਕਤੂਬਰ ਨੂੰ ਸੁਣਵਾਈ ਪੂਰੀ ਕਰ ਲਈ ਸੀ ਅਤੇ ਅਗਲੇ ਹਫਤੇ ਇਸ ਮਾਮਲੇ ‘ਤੇ ਫੈਸਲਾ ਆਉਣ ਦੀ ਸੰਭਾਵਨਾ ਹੈ। ਇਸ ਫੈਸਲੇ ਤੋਂ ਪਹਿਲਾਂ ਅਖਿਲ ਭਾਰਤੀ ਸੰਤ ਕਮੇਟੀ, ਰਾਸ਼ਟਰੀ ਸਵੈ ਸੋਇਮ ਸੰਘ ਅਤੇ ਵਿਸ਼ਵ ਹਿੰਦੂ ਪਰੀਸ਼ਦ ਨੇ ਭਰੋਸਾ ਦਿੱਤਾ ਹੈ ਕਿ ਉਹ ਫੈਸਲੇ ਨੂੰ ਹਾਰ-ਜਿੱਤ ਦਾ ਰੂਪ ਨਹੀਂ ਲੈਣ ਦੇਣਗੇ ਅਤੇ ਨਾ ਹੀ ਭੜਕਾਉਣ ਵਾਲੇ ਬਿਆਨ ਦੇਣਗੇ। ਓਧਰ ਮੁਸਲਿਮ ਸਮਾਜ ਵਲੋਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ, ਸੁੰਨੀ ਵਕਫ਼ ਬੋਰਡ ਆਦਿ ਨੇ ਵੀ ਅਦਾਲਤ ਦੇ ਫੈਸਲੇ ਦਾ ਪੂਰਾ ਸਨਮਾਨ ਕਰਨ ਦੀ ਸਹੁੰ ਦਿੱਤੀ ਹੈ।