ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ‘ਚ ਸੰਨੀ ਦਿਓਲ ਵੀ ਹੋਣਗੇ ਸ਼ਾਮਲ

ਗੁਰਦਾਸਪੁਰ : ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੀ ਪਹਿਲੇ ਜਥੇ ‘ਚ ਸ਼ਾਮਲ ਹੋ ਕੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਰਸ਼ਨ ਕਰਨ ਲਈ ਜਾਣਗੇ। ਜਾਣਕਾਰੀ ਮੁਤਾਬਕ ਸੰਨੀ ਦਿਓਲ 5 ਨਵੰਬਰ ਤੋਂ ਗੁਰਦਾਸਪੁਰ ਹਲਕੇ ‘ਚ ਰਹਿਣਗੇ ਅਤੇ 9 ਨਵੰਬਰ ਨੂੰ ਪ੍ਰਧਾਨ ਮੰਤਰੀ ਵਲੋਂ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਉਦਘਾਟਨ ਸਬੰਧੀ ਚੱਲ ਰਹੀਆਂ ਤਿਆਰੀਆਂ ਦੀ ਦੇਖ-ਰੇਖ ਕਰਨਗੇ। ਸੂਤਰਾਂ ਮੁਤਾਬਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਦੇ ਲਈ ਰਜਿਸਟ੍ਰੇਸ਼ਨ ਦਾ ਪਹਿਲਾ ਫਾਰਮ ਸੰਨੀ ਦਿਓਲ ਨੇ ਭਰਿਆ ਗਿਆ ਸੀ। ਇਥੇ ਦੱਸ ਦੇਈਏ ਕਿ ਉਨ੍ਹਾਂ ਤੋਂ ਇਲਾਵਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪਹਿਲੇ ਜਥੇ ‘ਚ ਸ਼ਾਮਲ ਹਨ।
ਇਸ ਸੰਬੰਧੀ ਜਦ ਭਾਜਪਾ ਦੇ ਜ਼ਿਲਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਨੀ ਦਿਓਲ ਦੇ 5 ਅਕਤੂਬਰ ਨੂੰ ਗੁਰਦਾਸਪੁਰ ਇਲਾਕੇ ਵਿਚ ਪਹੁੰਚਣ ਦੀ ਜਾਣਕਾਰੀ ਸਾਨੂੰ ਮਿਲ ਗਈ ਹੈ ਪਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾਣ ਸਬੰਧੀ ਪਾਰਟੀ ਪੱਧਰ ‘ਤੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰ ਇਸ ਗੱਲ ਦੀ ਚਰਚਾ ਜ਼ਰੂਰ ਹੈ ਕਿ ਉਹ ਪਹਿਲੇ ਜਥੇ ‘ਚ ਉਹ ਪਾਕਿਸਤਾਨ ਜਾ ਰਹੇ ਹਨ।