ਰਾਮ ਰਹੀਮ ਦੀ ਜਾਨ ਨੂੰ ਖਤਰੇ ਦੇ ਮਾਮਲੇ ‘ਚ ਹਾਈ ਕੋਰਟ ਨੇ ਜੇਲ ਪ੍ਰਸ਼ਾਸਨ ਨੂੰ ਜਾਰੀ ਕੀਤਾ ਨੋਟਿਸ

ਚੰਡੀਗੜ੍ਹ : ਸਿਰਸਾ ਸਥਿਤ ਡੇਰਾ ਸੱਚਾ ਸੌਦੇ ਦੇ ਹਸਪਤਾਲ ਦੇ ਡਾ. ਮੋਹਿਤ ਗੁਪਤਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਦਾਖਲ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਸੁਨਾਰੀਆ ਜੇਲ ਪ੍ਰਧਾਨ ਨੂੰ ਨੋਟਿਸ ਜਾਰੀ ਕਰ ਕੇ 2019 ‘ਚ ਜੇਲ ਅੰਦਰ ਹੋਈ ਹਰੇਕ ਅਪਰਾਧਿਕ ਘਟਨਾ ਦੀ ਜਾਣਕਾਰੀ ਦੇਣ ਅਤੇ ਜੇਲ ਦੇ ਅੰਦਰ ਮਿਲੇ ਹਥਿਆਰ, ਨਸ਼ੇ ਵਾਲੇ ਪਦਾਰਥਾਂ ਅਤੇ ਮੋਬਾਇਲਾਂ ਦੀ ਜਾਣਕਾਰੀ ਵੀ ਕੋਰਟ ਨੂੰ ਦੇਣ ਨੂੰ ਕਿਹਾ ਹੈ। ਪਟੀਸ਼ਨ ‘ਚ ਦੋਸ਼ ਲਾਇਆ ਸੀ ਕਿ ਸੁਨਾਰੀਆ ਜੇਲ ‘ਚ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਹੈ। ਪਟੀਸ਼ਨ ‘ਚ ਰਾਮ ਰਹੀਮ ਨੂੰ ਕੋਰਟ ‘ਚ ਪੇਸ਼ ਕਰਨ ਦੀ ਪਟੀਸ਼ਨ ਕਰਦੇ ਹੋਏ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ।
ਡੇਰਾ ਪ੍ਰਮੁੱਖ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਇਸ ਪਟੀਸ਼ਨ ਡੇਰਾ ਪ੍ਰਮੁੱਖ ਨਾਲ ਕੋਈ ਸਬੰਧ ਨਹੀਂ ਹੈ, ਜੋ ਦੋਸ਼ ਇਸ ਪਟੀਸ਼ਨ ‘ਚ ਲਾਏ ਗਏ ਹਨ, ਉਨ੍ਹਾਂ ਨੂੰ ਡੇਰਾ ਪ੍ਰਮੁੱਖ ਦੀ ਕੋਈ ਸਹਿਮਤੀ ਨਹੀਂ ਹੈ। ਇਸ ਲਈ ਇਸ ਪਟੀਸ਼ਨ ਨੂੰ ਖਾਰਿਜ ਕੀਤਾ ਜਾਵੇ। ਇਹ ਪਟੀਸ਼ਨ ਸਿਰਫ਼ ਪਬਲੀਸਿਟੀ ਲਈ ਦਰਜ ਕੀਤੀ ਗਈ ਹੈ। ਪਟੀਸ਼ਨਰ ਦਾ ਡੇਰਾ ਪ੍ਰਮੁੱਖ ਜਾਂ ਉਸ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ। ਕੋਰਟ ਨੇ ਲੰਮੀ ਜਿਰਹ ਸੁਣਨ ਤੋਂ ਬਾਅਦ ਨੋਟਿਸ ਜਾਰੀ ਕਰ ਕੇ ਐਫੀਡੇਵਿਟ ਦੇ ਨਾਲ ਇਕ ਹਫ਼ਤੇ ਦੇ ਅੰਦਰ ਜੇਲ ਪ੍ਰਸ਼ਾਸਨ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਮਾਮਲੇ ਦੀ ਸੁਣਵਾਈ ਹੁਣ 7 ਨਵੰਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦੇ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਸੀ ਕਿ ਸੁਨਾਰੀਆ ਜੇਲ ‘ਚ ਰਾਮ ਰਹੀਮ ਦੀ ਜਾਨ ਨੂੰ ਖਤਰਾ ਹੈ। ਪਟੀਸ਼ਨਰ ਨੇ ਰਾਮ ਰਹੀਮ ਨੂੰ ਅਦਾਲਤ ‘ਚ ਪੇਸ਼ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਪਟੀਸ਼ਨਰ ਨੇ ਦੋਸ਼ ਲਗਾਇਆ ਸੀ ਕਿ ਜੇਲ ਨਿਯਮਾਂ ਅਧੀਨ ਉਨ੍ਹਾਂ ਨੂੰ ਫੋਨ ਕਰਨ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ।