ਮਨਪ੍ਰੀਤ ਬਾਦਲ ਪੁੱਜੇ ਲੁਧਿਆਣਾ, ਸਨਅਤਕਾਰਾਂ ਦੀਆਂ ਸੁਣੀਆਂ ਮੁਸ਼ਕਲਾਂ

ਲੁਧਿਆਣਾ : ਲੁਧਿਆਣਾ ਦੀ ਸਨਅਤ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਅਤੇ ਨਵੇਂ ਇਨਵੈਸਟਰਸ ਨੂੰ ਲੁਧਿਆਣਾ ‘ਚ ਇੰਡਸਟਰੀ ਲਾਉਣ ਲਈ ਇੱਕ ਪ੍ਰੋਗਰੈੱਸਿਵ ਪੰਜਾਬ ਇਨਵੈਸਟਰ ਸਮਿਟ ਦਾ ਪ੍ਰਬੰਧ ਕਰਵਾਇਆ ਗਿਆ, ਜਿਸ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਖ਼ਾਸ ਤੌਰ ‘ਤੇ ਪੁੱਜੇ। ਇਸ ਦੌਰਾਨ ਸਨਅਤਕਾਰਾਂ ਨੇ ਆਪਣੀਆਂ ਮੁਸ਼ਕਲਾਂ ਤੋਂ ਇਨ੍ਹਾਂ ਆਗੂਆਂ ਨੂੰ ਜਾਣੂੰ ਕਰਵਾਇਆ।
ਇਸ ਮੌਕੇ ਮਨਪ੍ਰੀਤ ਬਾਦਲ ਨੇ ਗੱਲਬਾਤ ਕਰਦਿਆਂ ਸਾਰੇ ਸਨਅਤਕਾਰਾਂ ਨੂੰ ਇੱਕਜੁਟ ਹੋ ਕੇ ਉਨ੍ਹਾਂ ਨੂੰ ਮੁਸ਼ਕਲਾਂ ਲਿਖ ਕੇ ਦੇਣ ਅਤੇ ਫਿਰ ਉਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਲੁਧਿਆਣਾ ਪੰਜਾਬ ਦੀ ਇੰਡਸਟਰੀ ਦਾ ਵੱਡਾ ਹੱਬ ਹੈ ਅਤੇ ਪੰਜਾਬ ਨੂੰ ਵਿਕਸਿਤ ਕਰਨ ਲਈ ਲੁਧਿਆਣਾ ਦਾ ਅਹਿਮ ਯੋਗਦਾਨ ਹੈ, ਇਸ ਕਰਕੇ ਲੁਧਿਆਣਾ ਵਿਖੇ ਇੰਡਸਟਰੀ ਪ੍ਰਫੁੱਲਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਾਅਦੇ ਪੰਜਾਬ ਸਰਕਾਰ ਨੇ ਸਨਅਤਕਾਰਾਂ ਨਾਲ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਜਾਣਗੇ ।
ਉਧਰ ਦੂਜੇ ਪਾਸੇ ਸਨਅਤਕਾਰ ਇਸ ਸਮਿਟ ਤੋਂ ਕੁਝ ਖਾਸ ਖੁਸ਼ ਵਿਖਾਈ ਨਹੀਂ ਦਿੱਤੇ।ਸਨਅਤਕਾਰਾਂ ਨੇ ਕਿਹਾ ਕਿ ਨਵੀਂ ਇੰਡਸਟਰੀ ਉਦੋਂ ਹੀ ਕਾਮਯਾਬ ਹੋ ਸਕਦੀ ਹੈ ਜਦੋਂ ਪੁਰਾਣੀ ਇੰਡਸਟਰੀ ਸਹੀ ਢੰਗ ਨਾਲ ਚੱਲੇ। ਉਨ੍ਹਾਂ ਕਿਹਾ ਕਿ ਪੁਰਾਣੀ ਇੰਡਸਟਰੀ ਦਾ ਹਾਲ ਬੁਰਾ ਹੈ। ਖਾਸ ਕਰਕੇ ਮੀਡੀਅਮ ਅਤੇ ਸਮਾਲ ਇੰਡਸਟਰੀ ਬੰਦ ਹੋਣ ਦੀ ਕਗਾਰ ‘ਤੇ ਹੈ। ਅਜਿਹੇ ‘ਚ ਸਰਕਾਰਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਪਹਿਲਾਂ ਲੋੜ ਹੈ।