ਭਾਰਤੀ ਕ੍ਰਿਕਟ ਟੀਮ ਸਮੇਤ ਵੱਡੇ ਨੇਤਾਵਾਂ ‘ਤੇ ਹਮਲੇ ਦਾ ਖ਼ਤਰੇ ਕਾਰਨ ਵਧਾਈ ਸੁਰੱਖਿਆ

ਨਵੀਂ ਦਿੱਲੀ – ਬੰਗਲਾਦੇਸ਼ ਖ਼ਿਲਾਫ਼ 3 ਨਵੰਬਰ ਤੋਂ ਦਿੱਲੀ ‘ਚ ਸ਼ੁਰੂ ਹੋ ਰਹੀ ਭਾਰਤ ਦੀ ਤਿੰਨ ਮੈਚਾਂ ਦੀ T-20 ਸੀਰੀਜ਼ ਅਤੇ ਉਸ ਤੋਂ ਬਾਅਦ ਟੈੱਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਾ ਹੈ। ਆਗਾਮੀ T-20 ਸੀਰੀਜ਼ ‘ਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਰੋਹਿਤ ਸ਼ਰਮਾ ਨੂੰ ਕਪਤਾਨੀ ਸੌਂਪੀ ਗਈ ਹੈ। ਅਜਿਹੇ ‘ਚ, ਪਹਿਲੇ T-20 ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਭਾਰਤੀ ਟੀਮ ‘ਤੇ ਹਮਲੇ ਦਾ ਖਖਤਰਾ ਦੱਸਿਆ ਜਾ ਰਿਹਾ ਹੈ।

ਦਰਅਸਲ, ਇੱਕ ਸੂਤਰ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਇੱਕ ਚਿੱਠੀ ਮਿਲੀ ਹੈ ਜਿਸ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਟੀਮ ਖ਼ਾਸ ਕਰ ਕੇ ਵਿਰਾਟ ਕੋਹਲੀ ਖ਼ਤਰੇ ਦੀ ਸੂਚੀ ‘ਚ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਪੁਲੀਸ ਦੇ ਸੂਤਰਾਂ ਮੁਤਾਬਿਕ ਚਿੱਠੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਅਮਿਤ ਸ਼ਾਹ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਆਡਵਾਨੀ, ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਪ੍ਰਮੁੱਖ ਮੋਹਨ ਭਾਗਵਤ ਦੇ ਨਾਂ ਵੀ ਸ਼ਾਮਿਲ ਹਨ। ਇਸ ਖ਼ਤਰੇ ਤੋਂ ਬਾਅਦ ਦਿੱਲੀ ਪੁਲੀਸ ਚੌਕੰਨੀ ਹੋ ਗਈ ਹੈ ਅਤੇ ਇਨ੍ਹਾਂ ਸਾਰੀਆਂ ਹਸਤੀਆਂ ਦੀ ਸੁਰੱਖਿਆ ਵਧਾਉਣ ਨੂੰ ਕਿਹਾ ਗਿਆ ਹੈ।