ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਰਾਜ ਦੇ ਪਹਿਲੇ ਉੱਪ ਰਾਜਪਾਲ ਬਣੇ ਗਿਰੀਸ਼ ਚੰਦਰ ਮੁਰਮੂ ਨੇ ਵੀਰਵਾਰ ਨੂੰ ਸ਼੍ਰੀਨਗਰ ਰਾਜਭਵਨ ‘ਚ ਅਹੁਦੇ ਦੀ ਸਹੁੰ ਚੁਕੀ। ਸ਼੍ਰੀਨਗਰ ‘ਚ ਜੰਮੂ-ਕਸ਼ਮੀਰ ਹਾਈ ਕੋਰਟ ਦੀ ਚੀਫ ਜਸਟਿਸ ਗੀਤਾ ਮਿੱਤਲ ਨੇ ਰਾਜਪਾਲ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਪ੍ਰਦੇਸ਼ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਅਤੇ ਲੱਦਾਖ ਰਾਤ ਨੂੰ 12 ਵਜੇ ਦੇ ਬਾਅਦ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭਭਾਈ ਪਟੇਲ ਦੀ ਜਯੰਤੀ ਮੌਕੇ ਸਰਕਾਰ ਨੇ ਇਸ ਤਬਦੀਲੀ ਲਈ ਚੁਣਿਆ ਸੀ।
ਮੁਰਮੂ ਦੀ ਨਿਯੁਕਤੀ ਕਾਫ਼ੀ ਅਹਿਮ ਹੈ
ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਸਰਕਾਰ ਨੇ ਸੰਸਦ ‘ਚ ਜੰਮੂ-ਕਸ਼ਮੀਰ ਤੋਂ ਧਾਰਾ-370 ਅਤੇ 35 ਏ ਹਟਾਉਣ ਦਾ ਫੈਸਲਾ ਲਿਆ ਸੀ। ਰਾਜਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਫੈਸਲੇ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜੀ.ਸੀ. ਮੁਰਮੂ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਆਰ.ਕੇ ਮਾਥੁਰ ਨੂੰ ਉੱਪ ਰਾਜਪਾਲ ਦੇ ਤੌਰ ‘ਤੇ ਨਿਯੁਕਤ ਕੀਤਾ ਸੀ। ਵੀਰਵਾਰ ਸਵੇਰੇ ਆਰ.ਕੇ. ਮਾਥੁਰ ਨੇ ਲੱਦਾਖ ‘ਚ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਸ਼੍ਰੀਨਗਰ ਦੇ ਜੀ.ਸੀ. ਮੁਰਮੂ ਨੇ ਉੱਪ ਰਾਜਪਾਲ ਦੇ ਰੂਪ ‘ਚ ਸਹੁੰ ਚੁਕਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਧਾਰਾ-370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਖਤਮ ਕਰਨ ਤੋਂ ਬਾਅਦ ਸੂਬੇ ‘ਚ ਪੈਦਾ ਹਾਲਾਤਾਂ ਦੇ ਮੱਦੇਨਜ਼ਰ ਮੁਰਮੂ ਦੀ ਨਿਯੁਕਤੀ ਕਾਫ਼ੀ ਅਹਿਮ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਅਫ਼ਸਰਾਂ ‘ਚ ਮੰਨੇ ਜਾਂਦੇ ਹਨ। ਗੁਜਰਾਤ ‘ਚ ਮੋਦੀ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਹ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਰਹਿ ਚੁਕੇ ਹਨ।
1985 ਬੈਚ ਦੇ ਆਈ.ਏ.ਐੱਸ. ਅਫ਼ਸਰ ਰਹੇ ਹਨ
21 ਨਵੰਬਰ 1959 ਨੂੰ ਜਨਮੇ ਮੁਰਮੂ ਨੇ ਓਡੀਸ਼ਾ ‘ਚ ਉਤਕਲ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ‘ਚ ਮਾਸਟਰ ਦੀ ਪੜ੍ਹਾਈ ਕਰਨ ਦੇ ਨਾਲ ਬਰਮਿੰਘਮ ਯੂਨੀਵਰਸਿਟੀ ਤੋਂ ਐੱਮ.ਬੀ.ਏ. ਦੀ ਵੀ ਡਿਗਰੀ ਲਈ ਹੈ। ਮੁਰਮੂ 1985 ਬੈਚ ਦੇ ਗੁਜਰਾਤ ਕੈਡਰ ਦੇ ਆਈ.ਏ.ਐੱਸ. ਅਫ਼ਸਰ ਰਹੇ ਹਨ।