ਸੰਗਰੂਰ/ਸੁਨਾਮ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸ਼ਹੀਦ ਊਧਮ ਸਿੰਘ ਦੇ ਸੁਨਾਮ ਵਿਖੇ ਆਯੋਜਿਤ 80ਵੇਂ ਰਾਜ ਪੱਧਰੀ ਸ਼ਹੀਦੀ ਦਿਹਾੜੇ ‘ਤੇ ਸਮਾਗਮ ‘ਚ ਸ਼ਿਰਕਤ ਨਾ ਕਰਕੇ ਇਲਾਕੇ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਪੰਜਾਬ ਦੀ ਸੱਤਾ ਅਤੇ ਕਾਬਜ਼ ਹੋਈ ਕਾਂਗਰਸ ਦੇ ਕਾਰਜਕਾਲ ਦੌਰਾਨ ਲਗਾਤਾਰ ਕੈਪਟਨ ਅਮਰਿੰਦਰ ਨੇ ਤੀਜੀ ਵਾਰ ਸਮਾਗਮ ਤੋਂ ਗੈਰਹਾਜ਼ਰ ਹੋ ਕੇ ਹੈਟ੍ਰਿਕ ਮਾਰ ਦਿੱਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪ੍ਰਬੰਧਾਂ ਦੀ ਦੇਖ ਰੇਖ ਕਰ ਰਿਹਾ ਸੀ। ਮੁੱਖ ਮੰਤਰੀ ਦੀ ਸਰੁੱਖਿਆ ਨੂੰ ਧਿਆਨ ‘ਚ ਰੱਖਦਿਆਂ ਵੱਡੀ ਗਿਣਤੀ ‘ਚ ਪੁਲਸ ਅਧਿਕਾਰੀ ਅਤੇ ਕਰਮਚਾਰੀ ਤੈਨਾਤ ਸਨ। ਕੈਪਟਨ ਅਮਰਿੰਦਰ ਦੀ ਗੈਰਹਾਜ਼ਰੀ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਸਮਾਗਮ ‘ਚ ਸ਼ਾਮਲ ਹੋ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਦੱਸਣਯੋਗ ਹੈ ਕਿ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਧਰਮ ਨਿਰਪੱਖ ਇਨਸਾਨ, ਅਟਲ ਇਰਾਦੇ ਅਤੇ ਦ੍ਰਿੜ੍ਹ ਵਿਸ਼ਵਾਸ ਵਾਲਾ ਦੇਸ਼ ਭਗਤ ਸੀ, ਜੋ ਆਪਣੇ ਨਿੱਜ ਨਾਲੋਂ ਦੇਸ਼ ਕੌਮ ਦੇ ਹਿੱਤਾਂ ਨੂੰ ਜ਼ਿਆਦਾ ਉਤਮ ਸਮਝਦੇ ਸਨ। ਉਨ੍ਹਾਂ ਨੇ ਆਪਣੇ ਇਕ ਬਿਆਨ ‘ਚ ਕਿਹਾ ਸੀ,”ਮੇਰੀ ਜਵਾਨੀ ਮੇਰੇ ਦੇਸ਼ ਦੀ ਮਿੱਟੀ ਤੇ ਉਸ ਦੇ ਅੰਨ-ਜਲ ਤੋਂ ਹੀ ਬਣੀ ਹੈ, ਜੋ ਮੇਰੇ ਦੇਸ਼ ਦੀ ਅਮਾਨਤ ਹੈ। ਮੈਂ ਆਪਣੀ ਜਵਾਨੀ ਨੂੰ ਬਚਾ ਕੇ ਰੱਖਣ ਲਈ ਆਪਣੇ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਮੇਰਾ ਖੂਨ ਭਾਰਤ ਵਾਸੀਆਂ ਨੂੰ ਇਨਕਲਾਬ ਲਈ ਪ੍ਰੇਰਦਾ ਰਹੇਗਾ ਅਤੇ ਅੰਗਰੇਜ਼ ਸਾਮਰਾਜ ਦੀ ਕਬਰ ‘ਤੇ ਆਜ਼ਾਦ ਭਾਰਤ ਦਾ ਝੰਡਾ ਗੱਡੇਗਾ।”