ਨਵੀਂ ਦਿੱਲੀ—ਸੀ. ਬੀ. ਆਈ. ਨੇ ਉਨਾਵ ਜਬਰ ਜ਼ਨਾਹ ‘ਚ ਪੀੜਤਾ ਦੇ ਸੜਕ ਹਾਦਸਾ ਮਾਮਲੇ ਸੰਬੰਧੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਅਤੇ 10 ਹੋਰਾਂ ਖਿਲਾਫ ਹੱਤਿਆ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਨੇ ਅੱਜ ਭਾਵ ਬੁੱਧਵਾਰ ਨੂੰ ਦੱਸਿਆ ਹੈ ਕਿ ਸੀ. ਬੀ. ਆਈ. ਨੇ ਸਾਧਾਰਨ ਪ੍ਰਕਿਰਿਆ ਤਹਿਤ ਐੱਫ. ਆਈ. ਆਰ. ਦਰਜ ਕਰਦੇ ਹੋਏ ਉੱਤਰ ਪ੍ਰਦੇਸ਼ ਪੁਲਸ ਤੋਂ ਸੜਕ ਹਾਦਸਾ ਮਾਮਲੇ ਸੰਬੰਧੀ ਜਾਂਚ ਆਪਣੇ ਹੱਥ ‘ਚ ਲੈ ਲਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਏਜੰਸੀ ਨੇ ਆਪਣੇ ਅਧਿਕਾਰੀਆਂ ਨੂੰ ਵੀ ਅਲਰਟ ਕਰ ਦਿੱਤਾ ਹੈ, ਜੋ ਹਾਦਸੇ ਵਾਲੇ ਸਥਾਨ ਦਾ ਮੁਆਇਨਾ ਕਰ ਸਕਦੇ ਹਨ ਅਤੇ ਹਾਦਸਾ ਰਾਏਬਰੇਲੀ ‘ਚ ਗੁਰੂਬਖਸ਼ਗੰਜ ਪੁਲਸ ਥਾਣਾ ਅਧਿਕਾਰੀਆਂ ਤੋਂ ਜਾਣਕਾਰੀ ਲੈ ਵੀ ਸਕਦੇ ਹਨ। ਕੇਂਦਰ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਸਿਫਾਰਿਸ਼ ‘ਤੇ ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਸੀ। ਪੀੜਤਾ ਨੂੰ ਸੁਰੱਖਿਆ ਮੁਹੱਈਆ ਕਰਵਾਉਣ ‘ਚ ਨਾਕਾਮ ਰਹਿਣ ਵਾਲਾ ਸੂਬਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਉਨਾਵ ਜਬਰ ਜ਼ਨਾਹ ‘ਚ ਪੀੜਤਾ ਦਾ ਪਰਿਵਾਰ ਜਿਸ ਕਾਰ ‘ਚ ਜਾ ਰਿਹਾ ਸੀ, ਉਸ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਇਹ ਹਾਦਸਾ ਰਾਏਬਰੇਲੀ ‘ਚ ਵਾਪਰਿਆ ਸੀ, ਹਾਦਸੇ ‘ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ ਅਤੇ ਬਾਕੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਸਨ। ਉਤਰ ਪ੍ਰਦੇਸ਼ ਪੁਲਸ ਨੇ ਸੜਕ ਹਾਦਸੇ ਮਾਮਲੇ ‘ਚ ਸੋਮਵਾਰ ਨੂੰ ਸੇਂਗਰ ਅਤੇ 9 ਹੋਰ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ।