ਸੰਗਰੂਰ : ਪੰਜਾਬ ਦੇ ਸਿੱਖਿਆ ਵਿਭਾਗ ਅੰਦਰ ਆਨ-ਲਾਈਨ ਤਬਾਦਲਾ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਅੱਜ ਮੰਗਲਵਾਰ ਨੂੰ ਇਸ ਨੀਤੀ ਤਹਿਤ ਪਹਿਲੀ ਬਦਲੀਆਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਤੇ ਇਸ ਲਿਸਟ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਹੱਥੀਂ ਕਲਿੱਕ ਕਰਕੇ ਜਾਰੀ ਕੀਤਾ।
ਦੱਸਣਯੋਗ ਪੰਜਾਬ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਬਦਲੀਆਂ ਹੁਣ ਆਨ-ਲਾਈਨ ਅਪਲਾਈ ਹੋਣਗੀਆਂ ਜਿਸ ਵਿਚ ਕਾਰਗੁਜ਼ਾਰੀ ਨਿਰਭਰ ਕਰੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਨੀਤੀ ਤਹਿਤ 4 ਹਜ਼ਾਰ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਿਚ ਬਦਲੀਆਂ ਦਾ ਦੌਰ ਬਹੁਤ ਪੇਚੀਦਾ ਬਣਿਆ ਹੋਇਆ ਸੀ ਜਿਸ ਵਿਚ ਰਾਜਨੀਤਿਕ ਲੋਕਾਂ ਦਾ ਜ਼ਿਆਦਾ ਦਖ਼ਲ ਰਹਿੰਦਾ ਸੀ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਪਾਲਿਸੀ ਨੂੰ ਬਣਾਉਣ ਲਈ ਤਿੰਨ ਮਹੀਨੇ ਖਾਕਾ ਤਿਆਰ ਕੀਤਾ ਸੀ ਜਿਸ ਵਿਚੋਂ ਹਰ ਤਰ੍ਹਾਂ ਦੀਆਂ ਕਮੀਆਂ ਨੂੰ ਦੇਖ ਕੇ ਲਾਗੂ ਕੀਤਾ ਗਿਆ ਹੈ। ਇਸ ਪਾਲਿਸੀ ਨਾਲ ਅਧਿਆਪਕਾਂ ਨੂੰ ਬਦਲੀ ਕਰਾਉਣ ਲਈ ਕਿਸੇ ਦੀ ਸਿਫ਼ਾਰਿਸ਼ ਨਹੀਂ ਸਗੋਂ ਖੁਦ ਦੀ ਪ੍ਰਤਿਭਾ ਸਾਬਿਤ ਕਰਨੀ ਹੋਵੇਗੀ ਅਤੇ ਇਹ ਨੀਤੀ ਸਿੰਗਲ ਵਿੰਡੋ ਦਾ ਕੰਮ ਕਰੇਗੀ। ਦੱਸਣਾ ਬਣਦਾ ਹੈ ਕਿ ਸਿੱਖਿਆ ਵਿਭਾਗ ਨੇ 7 ਜੁਲਾਈ ਤੋਂ ਅਰਜ਼ੀਆਂ ਮੰਗੀਆਂ ਸਨ ਜਿਸ ਵਿਚ ਅਧਿਆਪਕਾਂ ਨੂੰ ਗ਼ਲਤੀਆਂ ਦਰੁੱਸਤ ਕਰਨ ਦਾ ਮੌਕਾ ਦਿੱਤਾ ਗਿਆ ਸੀ ਅਤੇ ਆਖਰੀ ਮਿਤੀ 28 ਜੁਲਾਈ ਰੱਖੀ ਸੀ।