ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੇ ਜੱਦੀ ਪਿੰਡ ਪਹੁੰਚੇ ਯੇਦੀਯੁਰੱਪਾ

ਬੈਂਗਲੁਰੂ—ਬੀ. ਐੱਸ. ਯੇਦੀਯੁਰੱਪਾ ਨੇ ਮੁੱਖ ਮੰਤਰੀ ਦੇ ਅਹੁਦੇ ‘ਤੇ ਚੌਥੇ ਕਾਰਜਕਾਲ ਦੀ ਸਹੁੰ ਚੁੱਕਣ ਤੋਂ ਬਾਅਦ ਅੱਜ ਭਾਵ ਸ਼ਨੀਵਾਰ ਨੂੰ ਆਪਣੇ ਜੱਦੀ ਪਿੰਡ ਬੁਕਾਨਕੇਰੇ ਦਾ ਦੌਰਾ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਸਿੱਧਾਲਿੰਗੇਸ਼ਵਰ ਮੰਦਰ ‘ਚ ਪੂਜਾ ਕੀਤੀ। ਬੀ. ਐੱਸ. ਯੇਦੀਯੁਰੱਪਾ ਨੇ ਕਿਹਾ, ”ਇਹ ਮੇਰਾ ਫਰਜ਼ ਹੈ ਕਿ ਮੈਂ ਆਪਣੇ ਜਨਮ ਸਥਾਨ ਦਾ ਦੌਰਾ ਕਰਾਂ। ਇੱਥੇ ਮੇਰਾ ਜਨਮ ਹੋਇਆ ਹੈ ਅਤੇ ਮੇਰਾ ਪਾਲਣ ਪੋਸ਼ਣ ਹੋਇਆ ਹੈ। ਮੈਂ ਆਪਣੇ ਘਰ ਜਾਵਾਂਗਾ।”
ਜ਼ਿਕਰਯੋਗ ਹੈ ਕਿ ਬੀ. ਐੱਸ. ਯੇਦੀਯੁਰੱਪਾ ਨੇ ਕਾਂਗਰਸ-ਜੇ. ਡੀ. ਐੱਸ. ਗਠਜੋੜ ਸਰਕਾਰ ਡਿੱਗਣ ਦੇ 3 ਦਿਨਾਂ ਬਾਅਦ ਸ਼ੁੱਕਰਵਾਰ ਨੂੰ ਸੂਬੇ ਦੇ 25ਵੇਂ ਮੁੱਖ ਮੰਤਰੀ ਦੇ ਰੂਪ ‘ਚੋ ਸਹੁੰ ਚੁੱਕੀ। ਰਾਜਪਾਲ ਨੇ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਬਹੁਮਤ ਸਾਬਿਤ ਕਰਨ ਲਈ 31 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ੁੱਕਰਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਯੇਦੀਯੁਰੱਪਾ ਨੇ ਕਿਹਾ, ਉਹ ਸੋਮਵਾਰ ਸਵੇਰੇ 10 ਵਜੇ ਸਦਨ ‘ਚ ਬਹੁਮਤ ਸਾਬਿਤ ਕਰਨਗੇ ਅਤੇ ਵਿੱਤੀ ਬਿੱਲ ਪਾਸ ਕਰਨਗੇ।