ਟਰੈਵਲ ਏਜੰਟਾਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ : ਹਰਸਿਮਰਤ ਕੌਰ ਬਾਦਲ

ਨਵੀਂ ਦਿੱਲੀ— ਇਰਾਕ ਤੋਂ 7 ਨੌਜਵਾਨਾਂ ਦੇ ਦੇਸ਼ ਵਾਪਸੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਹਰਸਿਮਰਤ ਨੇ ਕਿਹਾ ਕਿ ਬੱਚਿਆਂ ਨੂੰ ਭੁਲੇਖੇ ਪਾ ਕੇ ਠੱਗੀਆਂ ਮਾਰਨ ਵਾਲੇ ਏਜੰਟਾਂ ‘ਤੇ ਤੁਰੰਤ ਕਾਰਵਾਈ ਹੋਵੇ। ਇਨ੍ਹਾਂ ਬੱਚਿਆਂ ਨੂੰ ਝੂਠੇ ਲਾਰੇ ਲਗਾ ਕੇ ਠੱਗੀ ਮਾਰੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ‘ਚ ਲਿਜਾਇਆ ਜਾਂਦਾ ਹੈ ਅਤੇ ਉੱਥੇ ਪਹੁੰਚਦੇ ਹੀ ਇਨ੍ਹਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਸਨ। ਜਿਸ ਤੋਂ ਬਾਅਦ ਇਨ੍ਹਾਂ ਨੂੰ ਵਰਕ ਪਰਮਿਟ ਵੀ ਨਹੀਂ ਦਿੱਤਾ ਜਾਂਦਾ ਹੈ ਅਤੇ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਹਰਸਿਮਰਤ ਨੇ ਕਿਹਾ ਕਿ ਜਦੋਂ ਐੱਮ.ਐੱਲ. ਨੇ ਸਾਨੂੰ ਇਸ ਬਾਰੇ ਦੱਸਿਆ ਤਾਂ ਫਿਰ ਅਸੀਂ ਵਿਦੇਸ਼ ਮੰਤਰੀ ਨਾਲ ਇਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਫਿਰ ਇਰਾਕ ਦੇ ਅੰਬੈਸਡਰ ਨੂੰ ਉੱਥੇ ਬੁਲਾਇਆ। ਫਿਰ ਅਸੀਂ ਬੇਨਤੀ ਕੀਤੀ ਕਿ ਇਸ ਕੇਸ ਨੂੰ ਰਫਾ-ਦਫਾ ਕੀਤਾ ਜਾਵੇ ਨਾਲ ਇਨ੍ਹਾਂ ਦਾ ਜ਼ੁਰਮਾਨਾ ਵੀ ਮੁਆਫ਼ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਜਿਸ ਕਾਰਨ ਉਹ ਦੇਸ਼ ਵਾਪਸ ਪਰਤ ਸਕੇ।
ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਵਿਦੇਸ਼ ਭੇਜਣ ਦੇ ਨਾਂ ‘ਤੇ ਵੱਡਾ ਘਪਲਾ ਹੋ ਰਿਹਾ ਹੈ। ਇੱਥੇ ਬੱਚਿਆਂ ਦੀ ਜ਼ਮੀਨ ਵੇਚ ਕੇ ਉਨ੍ਹਾਂ ਨੂੰ ਵਿਦੇਸ਼ ਲਿਜਾਇਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਇਨ੍ਹਾਂ ਨੌਜਵਾਨਾਂ ਦੇ ਨਾਲ ਵੀ ਇਹੀ ਘਟਨਾ ਵਾਪਰੀ ਹੈ, ਜੋ ਉੱਥੇ ਫਸੇ ਹੋਏ ਸਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਾਰਵਾਈ ਦੀ ਬਜਾਏ ਏਜੰਟਾਂ ਨੂੰ ਸ਼ੈਅ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਆ ਵਿ ਹੀ ਹਿਊਮਨ ਟਰੈਫਿਕ ਦਾ ਮੁੱਦਾ ਚੁੱਕਿਆ ਜਾਵੇਗਾ। ਵਿਦੇਸ਼ਾਂ ‘ਚ ਧੋਖਾਧੜੀ ਦੇ ਸ਼ਿਕਾਰ ਲੋਕਾਂ ਲਈ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਨ੍ਹਾਂ 7 ਨੌਜਵਾਨਾਂ ਨੂੰ ਟਰੈਵਲ ਏਜੰਟਾਂ ਵਲੋਂ ਇਰਾਕ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਭੇਜਿਆ ਸੀ। ਨੌਜਵਾਨਾਂ ਨੇ ਦੱਸਿਆ ਕਿ ਏਜੰਟਾਂ ਨੇ ਉਨ੍ਹਾਂ ਦੇ ਕਾਗਜ਼ ਤਿਆਰ ਕਰਵਾਉਣ ਲਈ ਪੈਸੇ ਤਾਂ ਲੈ ਲਏ ਪਰ ਉਨ੍ਹਾਂ ਦੇ ਅਜਿਹੇ ਕਾਗਜ਼ ਤਿਆਰ ਨਹੀਂ ਕਰਵਾਏ, ਜਿਨ੍ਹਾਂ ਨਾਲ ਉਹ ਇਰਾਕ ‘ਚ ਕੰਮ ਕਰ ਸਕਦੇ। ਇਰਾਕ ‘ਚ ਉਨ੍ਹਾਂ ਨੂੰ ਕਈ ਦਿਨ ਭੁੱਖੇ ਰਹਿਣਾ ਪਿਆ। ਹੁਣ ਅਕਾਲੀ ਦਲ ਦੇ ਸਹਿਯੋਗ ਨਾਲ ਉਨ੍ਹਾਂ ਦੀ ਵਤਨ ਵਾਪਸੀ ਸੰਭਵ ਹੋ ਸਕੀ ਹੈ।