ਚੰਦੂਮਾਜਰਾ ਤੇ ਭੁੰਦੜ ਮਿਲੇ ਕੇਂਦਰੀ ਜਲ-ਸ਼ਕਤੀ ਮੰਤਰੀ ਨੂੰ, ਘੱਗਰ ਦੇ ਸਥਾਈ ਹੱਲ ਦੀ ਆਸ ਬੱਝੀ

ਪਟਿਆਲਾ : ਘੱਗਰ ਦੇ ਸਥਾਈ ਹੱਲ ਲਈ ਅਕਾਲੀ ਦਲ ਦਾ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਕੇਂਦਰੀ ਜਲ-ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮਿਲਿਆ। ਘੱਗਰ, ਸਵਾਂ ਨਦੀ ਅਤੇ ਦਸਮੇਸ਼ ਨਹਿਰ ਸਮੇਤ ਬਾਕੀ ਨਦੀਆਂ ਦਾ ਮਾਮਲਾ ਕੇਂਦਰੀ ਮੰਤਰੀ ਦੇ ਸਾਹਮਣੇ ਰੱਖਿਆ। ਅੱਧਾ ਘੰਟਾ ਚੱਲੀ ਮੀਟਿੰਗ ‘ਚ ਸੈਂਟਰਲ ਵਾਟਰ ਕਮਿਸ਼ਨ ਦੇ ਚੇਅਰਮੈਨ, ਸਕੱਤਰ ਜਲ-ਸ਼ਕਤੀ ਮੰਤਰਾਲਾ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਹਰ ਸਾਲ ਬਰਸਾਤਾਂ ‘ਚ ਵੱਡੀ ਤਬਾਹੀ ਮਚਾਉਣ ਵਾਲੇ ਘੱਗਰ ਦੇ ਸਥਾਈ ਹੱਲ ਦੀ ਆਸ ਬੱਝੀ ਹੈ। ਇਸ ਤੋਂ ਪਹਿਲਾਂ ਵੀ ਪ੍ਰੋ. ਚੰਦੂਮਾਜਰਾ ਨੂੰ ਹੀ ਘੱਗਰ ਦੇ ਪਹਿਲੇ ਪੜਾਅ ਨੂੰ ਚੈਨੇਲਾਈਜ਼ ਕਰਨ ਦਾ ਸਿਹਰਾ ਜਾਂਦਾ ਹੈ। ਵਫਦ ਵੱਲੋਂ ਵਿਸਥਾਰ ਨਾਲ ਰੱਖੇ ਗਏ ਤੱਥਾਂ ਤੋਂ ਬਾਅਦ ਕੇਂਦਰੀ ਜਲ-ਸ਼ਕਤੀ ਮੰਤਰੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਨੂੰ ਸੱਦ ਕੇ ਘੱਗਰ ਨੂੰ ਚੈਨੇਲਾਈਜ਼ ਕਰਨ ਅਤੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਆਪਸੀ ਸਹਿਮਤੀ ਬਣਾਉਣ ਲਈ ਮੀਟਿੰਗ ਸੱਦੀ ਜਾਵੇਗੀ।
ਕੇਂਦਰੀ ਮੰਤਰੀ ਨੇ ਘੱਗਰ ‘ਚ ਪੈਣ ਵਾਲੀਆਂ ਨਦੀਆਂ ਅਤੇ ਨਾਲਿਆਂ ‘ਚ ਚੈੱਕ ਡੈਮ ਬਣਾਉਣ ਦੀ ਤਜਵੀਜ਼ ਸਬੰਧੀ ਹਾਂ-ਪੱਖੀ ਹੁੰਗਾਰਾ ਭਰਿਆ। ਚੰਦੂਮਾਜਰਾ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ‘ਚੋਂ ਸ੍ਰੀ ਅਨੰਦਪੁਰ ਸਾਹਿਬ ‘ਚ ਦਾਖਲ ਹੋਣ ਵਾਲੀ ਸਵਾਂ ਨਦੀ ਵੱਲੋਂ ਪਿੰਡਾਂ ਵਿਚ ਮਚਾਈ ਜਾਣ ਵਾਲੀ ਤਬਾਹੀ ਦਾ ਮੁੱਦਾ ਉਠਾਇਆ। ਸੈਂਟਰਲ ਵਾਟਰ ਕਮਿਸ਼ਨ ਦੇ ਅਧਿਕਾਰੀਆਂ ਨੇ ਮੀਟਿੰਗ ‘ਚ ਹੈਰਾਨੀਜਨਕ ਤੱਥ ਰੱÎਖਿਆ ਕਿ ਜਦੋਂ ਤੋਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਆਈ ਹੈ, ਇਸ ਨੇ Îਇਸ ਦੀ ਮਾਡਲ ਸਟੱਡੀ ਲਈ ਇਕ ਪੈਸਾ ਵੀ ਨਹੀਂ ਰੱਖਿਆ। ਇੰਨਾ ਹੀ ਬਾਦਲ ਸਰਕਾਰ ਵੱਲੋਂ ਜਿਹੜਾ ਸਵਾਂ ਚੈਨੇਲਾਈਜ਼ ਕਰਨ ਲਈ ਪ੍ਰਾਜੈਕਟ 2014 ਤੋਂ ਚਲਾਇਆ ਗਿਆ ਸੀ, ਉਸ ਨੂੰ ਵੀ ਅਧਵਾਟੇ ਛੱਡ ਦਿੱਤਾ ਅਤੇ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਪੰਜਾਬ ਸਰਕਾਰ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਇਸ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਪੱਤਰ ਲਿਖ ਕੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਕਿਹਾ ਜਾਵੇ। ਪਠਾਨਕੋਟ ਤੋਂ ਮੋਹਾਲੀ ਤੱਕ ਲੱਗੇ 22 ਚੈੱਕ ਡੈਮਾਂ ‘ਚ ਸਿਲਟ ਭਰਨ ਕਾਰਣ ਜਿਹੜੀ ਜਲ ਭੰਡਾਰਨ ਦੀ ਸਮਰੱਥਾ ਘਟੀ ਹੋਈ ਹੈ। ਉਸ ਦੀ ਡੀਸਿਲਟਿੰਗ ਕਰਨ ਲਈ ਕਦਮ ਚੁੱਕਣ ਲਈ ਵੀ ਵਫਦ ਨੇ ਕਿਹਾ।
ਵਫਦ ਵਿਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਘੱਗਰ ਦੇ ਆਸ-ਪਾਸ ਦੇ ਸ਼ਹਿਰਾਂ ਵਿਚ ਲੱਗੀਆਂ ਫੈਕਟਰੀਆਂ ਦਾ ਗੰਦਾ ਪਾਣੀ ਪੈਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਕੇਂਦਰੀ ਮੰਤਰੀ ਨੂੰ ਦੱਸਿਆ ਕਿ ਲਗਾਤਾਰ ਗੰਦਾ ਪਾਣੀ ਪੈਣ ਕਾਰਣ ਕਈ ਇਲਾਕੇ ਕੈਂਸਰ ਅਤੇ ਦੰਦਾਂ ਦੀਆ ਭਿਆਨਕ ਬੀਮਾਰੀਆਂ ਦੀ ਲਪੇਟ ਵਿਚ ਆ ਚੁੱਕੇ ਹਨ। ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਦਮ ਚੁੱਕਣ ਲਈ ਕਿਹਾ। ਇਸ ਮੌਕੇ ਯੂਥ ਆਗੂ ਸਿਮਰਨਜੀਤ ਚੰਦੂਮਾਜਰਾ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।