ਕਮਲਨਾਥ ਖਿਲਾਫ ਸਿੱਖਾਂ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੀਤੀ ਸ਼ਿਕਾਇਤ

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਫੇਸਬੁੱਕ ਪੇਜ ‘ਤੇ ਗੁਰਬਾਣੀ ਨੂੰ ਤੋੜ-ਮਰੋੜ ਕੇ ਆਪਣੇ-ਆਪ ਨੂੰ ਉੱਤਮ ਸਾਬਿਤ ਕਰਨ ਦੀ ਕੋਸ਼ਿਸ਼ ਕਰਨਾ ਮਹਿੰਗਾ ਪੈ ਗਿਆ ਹੈ ਕਿਉਂਕਿ ਜਿਨ੍ਹਾਂ ਪੰਕਤੀਆਂ ਨੂੰ ਉਥੇ ਲਿਖਿਆ ਗਿਆ ਹੈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੀ ਜਾਂਦੀ ਹੈ। ਅਸਲ ਪੰਕਤੀਆਂ ਵਿਚ ਕਮਲਨਾਥ ਦੀ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੈ, ਜਿਸ ਤੋਂ ਬਾਅਦ ਗ਼ੁੱਸੇ ‘ ਚ ਆਏ ਸਿੱਖ ਭਾਈਚਾਰੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਭੋਗਲ ਨੇ ਥਾਣਾ ਨਾਰਥ ਐਵੇਨਿਊ ਵਿਚ ਕਮਲਨਾਥ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਕੀ ਹੈ ਮਾਮਲਾ
ਅਸਲ ‘ਚ ਟੀਮ ਕਮਲਨਾਥ ਵੱਲੋਂ ਆਪਣੇ ਕਈ ਫੇਸਬੁੱਕ ਪੇਜਾਂ ਉੱਤੇ ਇਕ ਪੋਸਟ ਪਾਈ ਗਈ ਸੀ, ਜਿਸ ਵਿਚ ਕਮਲਨਾਥ ਦੀ ਫੋਟੋ ਲਾ ਕੇ ‘ਸਵਾ ਲਾਖ ਸੇ ਏਕ ਲੜਾਊ ਚਿੜੀਅਨ ਸੇ ਮੈਂ ਬਾਜ ਤੁੜਾਊਂ, ਤਬੈ ਕਮਲਨਾਥ ਨਾਮ ਕਹਾਉਂ’ ਲਿਖ ਕੇ ਗ੍ਰਾਫਿਕ ਬਣਾਇਆ ਗਿਆ ਸੀ। ਇਸ ਬਾਰੇ ਜੀ. ਕੇ. ਅਤੇ ਭੋਗਲ ਨੇ ਦੱਸਿਆ ਕਿ ਕਮਲਨਾਥ ਨੇ ਇਕ ਤਰ੍ਹਾਂ ਨਾਲ ਗੁਰੂ ਗੋਬਿੰਦ ਸਾਹਿਬ ਦਾ ਮੁਕਾਬਲਾ ਕਰਨ ਅਤੇ ਗੁਰੂ ਸਾਹਿਬ ਨੂੰ ਛੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਜੀ.ਕੇ. ਨੇ ਜਾਣਕਾਰੀ ਦਿੱਤੀ ਕਿ ਕਮਲਨਾਥ ਖਿਲਾਫ ਦਿੱਤੀ ਗਈ ਅਪਰਾਧਿਕ ਸ਼ਿਕਾਇਤ ਵਿਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਨੂੰ ਗਲਤ ਤਰੀਕੇ ਨਾਲ ਪਰਿਭਾਸ਼ਿਤ ਕਰ ਕੇ ਕਮਲਨਾਥ ‘ਤੇ ਈਸ਼ ਨਿੰਦਾ ਕਰਨ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਰਵੱਈਏ ਕਾਰਨ ਹਿੰਦੂ ਅਤੇ ਸਿੱਖ ਭਾਈਚਾਰੇ ਵਿਚ ਖਾਈ ਪੈਦਾ ਹੋਣ ਅਤੇ ਇਤਿਹਾਸ ਦੇ ਦੂਸ਼ਿਤ ਹੋਣ ਦਾ ਖਦਸ਼ਾ ਹੈ।