ਆਜ਼ਮ ਖਾਨ ਵਰਗੇ ਲੋਕਾਂ ਦਾ ਸਾਹਮਣਾ ਕਰਨ ਦੀ ਰੱਖਦੀ ਹਾਂ ਤਾਕਤ : ਰਮਾ ਦੇਵੀ

ਨਵੀਂ ਦਿੱਲੀ— ਭਾਜਪਾ ਪਾਰਟੀ ਦੀ ਸੰਸਦ ਮੈਂਬਰ ਰਮਾ ਦੇਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਵਿਚ ਆਜ਼ਮ ਖਾਨ ਵਰਗੇ ਲੋਕਾਂ ਦਾ ਸਾਹਮਣਾ ਕਰਨ ਦੀ ਤਾਕਤ ਹੈ। ਆਜ਼ਮ ਖਾਨ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਨੇਤਾ ਹਨ। ਦੱਸਣਯੋਗ ਹੈ ਕਿ ਵੀਰਵਾਰ ਨੂੰ ਤਿੰਨ ਤਲਾਕ ‘ਤੇ ਚਰਚਾ ਦੌਰਾਨ ਸਪੀਕਰ ਦੀ ਕੁਰਸੀ ‘ਤੇ ਬੈਠ ਕੇ ਸਦਨ ਦੀ ਪ੍ਰਧਾਨਗੀ ਕਰ ਰਹੀ ਰਮਾ ਦੇਵੀ ਨੂੰ ਕੁਝ ਅਜਿਹਾ ਕਹਿ ਦਿੱਤਾ ਕਿ ਉਨ੍ਹਾਂ ਸ਼ਬਦਾਂ ਨੂੰ ਲੋਕ ਸਭਾ ਦੀ ਕਾਰਵਾਈ ‘ਚੋਂ ਹਟਾ ਦਿੱਤਾ ਗਿਆ। ਰਮਾ ਦੇਵੀ ‘ਤੇ ਕੀਤੀ ਗਈ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਸਦਨ ਵਿਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ।
ਆਜ਼ਮ ਖਾਨ ਦੀ ਇਸ ਟਿੱਪਣੀ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਨੂੰ ਤੁਰੰਤ ਮੁਆਫ਼ੀ ਮੰਗਣ ਨੂੰ ਕਿਹਾ। ਹਾਲਾਂਕਿ ਵਿਵਾਦ ਵਧਦਾ ਦੇਖ ਕੇ ਆਜ਼ਮ ਖਾਨ ਨੇ ਆਪਣੀ ਸਫਾਈ ਵਿਚ ਕਿਹਾ ਕਿ ਮੈਂ ਇਹ ਕਿਹਾ ਸੀ ਕਿ ਤੁਸੀਂ ਮੇਰੀ ਪਿਆਰੀ ਭੈਣ ਹੋ। ਓਧਰ ਰਮਾ ਦੇਵੀ ਨੇ ਕਿਹਾ ਕਿ ਸਾਰੇ ਦਲਾਂ ਦੇ ਨੇਤਾਵਾਂ ਨੇ ਇਸ ਮੁੱਦੇ ‘ਤੇ ਬੈਠਕ ਕੀਤੀ ਅਤੇ ਇਸ ਦਾ ਨਤੀਜਾ ਸੋਮਵਾਰ ਨੂੰ ਸੁਣਾਇਆ ਜਾਵੇਗਾ। ਮੈਂ ਉਸ ਬੈਠਕ ਦਾ ਹਿੱਸਾ ਨਹੀਂ ਸੀ। ਰਮਾ ਦੇਵੀ ਨੇ ਇਹ ਵੀ ਕਿਹਾ ਕਿ ਲੋਕ ਸਭਾ ਇਕ ਮਾਣਯੋਗ ਥਾਂ ਹੈ। ਇਕ ਵਿਅਕਤੀ ਲੋਕਾਂ ਵਲੋਂ ਦਿੱਤੀਆਂ ਵੋਟਾਂ ਤੋਂ ਬਾਅਦ ਉੱਥੇ ਜਾਂਦਾ ਹੈ।