ਅਕਾਲੀ ਦਲ (ਅ), ਦਲ ਖਾਲਸਾ ਤੇ ਯੂਨਾਈਟਿਡ ਅਕਾਲੀ ਦਲ ਹੋਏ ਇਕਜੁੱਟ

ਚੰਡੀਗੜ੍ਹ : ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਪੰਜਾਬ ਅਤੇ ਪੰਥਕ ਮੁੱਦਿਆਂ ਨੂੰ ਲੈ ਕੇ ਨਵਾਂ ਫਰੰਟ ਸਥਾਪਤ ਕਰ ਕੇ ਸਾਂਝੀ ਮੁਹਿੰਮ ਲਈ ਇਕਜੁੱਟ ਹੋ ਗਏ ਹਨ। ਇਨ੍ਹਾਂ ਨੂੰ ਅਕਾਲੀ ਦਲ ਟਕਸਾਲੀ ਅਤੇ ਬਹੁਜਨ ਸਮਾਜ ਪਾਰਟੀ ਅਤੇ ਹੋਰ ਕਈ ਦਲਾਂ ਅਤੇ ਸੰਗਠਨਾਂ ਦਾ ਵੀ ਸਮਰਥਨ ਮਿਲਿਆ ਹੈ। ਦਲ ਖਾਲਸਾ ਦੀ ਪਹਿਲਕਦਮੀ ‘ਤੇ ਇਥੇ ਕਿਸਾਨ ਭਵਨ ‘ਚ ਹੋਈ ਰਾਜ ਪੱਧਰੀ ਮੀਟਿੰਗ ‘ਚ ਇਨ੍ਹਾਂ ਦਲਾਂ ਤੇ ਸੰਗਠਨਾਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ। ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ‘ਚ ਨਵੇਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਵੀ ਪ੍ਰਧਾਨਗੀ ਮੰਡਲ ‘ਚ ਸ਼ਾਮਲ ਸਨ। ਮੀਟਿੰਗ ਦੌਰਾਨ ਮੁੱਖ ਮੁੱਦਿਆਂ ਦੀ ਪਛਾਣ ਕਰਨ ਤੋਂ ਬਾਅਦ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਰਾਜ ਭਰ ‘ਚ ਰੋਸ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਗਿਆ ਹੈ। ਨਵੇਂ ਫਰੰਟ ਦੇ ਗਠਨ ਤੋਂ ਪਹਿਲਾਂ ਹਮਖਿਆਲੀ ਦਲਾਂ ਤੇ ਸੰਗਠਨਾਂ ਦੀ ਇਕ ਕੋਰ ਕਮੇਟੀ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ, ਜਿਸ ਦਾ ਐਲਾਨ ਜਲਦੀ ਕੀਤਾ ਜਾਵੇਗਾ।
ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਦੱਸਿਆ ਕਿ ਜਿਹੜੇ ਮੁੱਦਿਆਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ‘ਚ ਬਰਗਾੜੀ ਤੇ ਬਹਿਬਲ ਕਲਾਂ ਦੇ ਬੇਅਦਬੀ ਤੇ ਗੋਲੀਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਐੱਸ. ਵਾਈ. ਐੱਲ. ਦੇ ਨਿਰਮਾਣ ਦਾ ਵਿਰੋਧ ਕਰਨ, ਗਵਰਨਰ ਵੱਲੋਂ ਹਰਜੀਤ ਸਿੰਘ ਦੇ ਫਰਜ਼ੀ ਮੁਕਾਬਲੇ ਦੇ ਦੋਸ਼ੀਆਂ ਨੂੰ ਦਿੱਤੀ ਗਈ ਮੁਆਫੀ ਦਾ ਫੈਸਲਾ ਵਾਪਸ ਕਰਵਾਉਣ, ਸਿੱਖ ਨਜ਼ਰਬੰਦਾਂ ਦੀ ਰਿਹਾਈ ਕਰਵਾਉਣ ਦੇ ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਯੂ. ਏ. ਪੀ. ਏ. ਕਾਨੂੰਨ ਨੂੰ ਲੋਕਤੰਤਰ ਲਈ ਅਤਿ ਖਤਰਨਾਕ ਤੇ ਕਾਲਾ ਕਾਨੂੰਨ ਦੱਸਦਿਆਂ ਇਸ ਦਾ ਵਿਰੋਧ ਕਰਨ ਦਾ ਐਲਾਨ ਵੀ ਕੀਤਾ ਗਿਆ।
ਸਿਮਰਨਜੀਤ ਸਿੰਘ ਮਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਅਤੇ ਕੈਪਟਨ ਭਾਵੇਂ ਦੇਖਣ ਨੂੰ ਸਿੱਖ ਹਨ ਪਰ ਉਹ ਹਿੰਦੂਤਵ ਪਾਰਟੀ ਭਾਜਪਾ ਦੇ ਗੁਲਾਮ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਲਈ, ਆਪਣੀ ਆਜ਼ਾਦੀ ਲਈ ਅੱਗੇ ਵਧਣਾ ਪਵੇਗਾ। ਮੀਟਿੰਗ ‘ਚ ਸ਼ਾਮਲ ਹੋਰ ਦਲਾਂ ਦੇ ਪ੍ਰਮੁੱਖ ਆਗੂਆਂ ‘ਚ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਦਿ ਅਤੇ ਵਿਦਿਆਰਥੀ ਸੰਗਠਨ ਐੱਸ. ਐੱਫ. ਐੱਸ. ਦੇ ਹਰਮਨ ਸਿੰਘ ਦੇ ਨਾਮ ਜ਼ਿਕਰਯੋਗ ਹਨ।