ਸਿੱਧੂ ਦੇ ਸਿਆਸੀ ਭਵਿੱਖ ਦੀ ਕਮਾਨ ਹੁਣ ਪ੍ਰਿਯੰਕਾ ਦੇ ਹੱਥ!

ਚੰਡੀਗੜ੍ਹ : ਪੰਜਾਬ ਕੈਬਨਿਟ ‘ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਦਾ ਫੈਸਲਾ ਹੁਣ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ ਹੀ ਕਰ ਸਕਦੇ ਹਨ। ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਵਜੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਦਾ ਇਕ ਧੜਾ ਪ੍ਰਿਯੰਕਾ ‘ਚ ਹੀ ਆਪਣਾ ਨਵਾਂ ਪ੍ਰਧਾਨ ਲੱਭ ਰਿਹਾ ਹੈ। ਅਜਿਹੇ ‘ਚ ਪ੍ਰਿਯੰਕਾ ਸਿੱਧੂ ਨੂੰ ਕਾਂਗਰਸ ਦੀ ਟੀਮ ‘ਚ ਬਣਾਈ ਰੱਖਣ ਲਈ ਅਹਿਮ ਫੈਸਲਾ ਲੈ ਸਕਦੇ ਹਨ। ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ‘ਚ ਅਹਿਮ ਅਹੁਦਾ ਮਿਲ ਸਕਦਾ ਹੈ।
ਅਹਿਮ ਗੱਲ ਤਾਂ ਇਹ ਹੈ ਕਿ ਸਿੱਧੂ ਦਾ ਅਸਤੀਫਾ ਵੀ ਉਸੇ ਸਮੇਂ ਹੋਇਆ ਹੈ, ਜਦੋਂ ਪ੍ਰਿਯੰਕਾ ਕਾਂਗਰਸ ‘ਚ ਆਪਣੀ ਸਰਗਰਮੀ ਵਧਾ ਰਹੇ ਹਨ। ਸਿੱਧੂ ਨੂੰ ਕਾਂਗਰਸ ‘ਚ ਲਿਆਉਣ ਪਿੱਛੇ ਵੀ ਪ੍ਰਿਯੰਕਾ ਦਾ ਹੀ ਹੱਥ ਸੀ। ਸਿੱਧੂ ਨੇ ਕੈਬਨਿਟ ‘ਚੋਂ ਅਸਤੀਫਾ ਦਿੱਤਾ ਹੈ, ਪਾਰਟੀ ‘ਚੋਂ ਨਹੀਂ। ਅਜਿਹੇ ‘ਚ ਸਿੱਧੂ ਕੋਲ ‘ਵੇਟ ਐਂਡ ਵਾਚ’ ਦੀ ਨੀਤੀ ਅਪਨਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ ਕਿਉਂਕਿ ਜੇਕਰ ਪ੍ਰਿਯੰਕਾ ਦੇ ਹੱਥ ‘ਚ ਕਾਂਗਰਸ ਦੀ ਕਮਾਨ ਆਉਂਦੀ ਹੈ ਤਾਂ ਸਿੱਧੂ ਨੂੰ ਸੰਗਠਨ ‘ਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।