ਰਾਜ ਸਭਾ ‘ਚ ਉੱਠਿਆ ਔਰਤਾਂ ਦੀ ਬੱਚੇਦਾਨੀ ਕੱਢਣ ਦਾ ਮਾਮਲਾ

ਨਵੀਂ ਦਿੱਲੀ— ਮਹਾਰਾਸ਼ਟਰ ਦੇ ਬੀੜ ਜ਼ਿਲੇ ‘ਚ ਗੰਨਾ ਦੇ ਖੇਤਾਂ ‘ਚ ਕੰਮ ਕਰਨ ਵਾਲੀ ਮਹਿਲਾ ਮਜ਼ਦੂਰਾਂ ਦੀ ਬੱਚੇਦਾਨੀ ਕੱਢਣ ਦਾ ਮਾਮਲਾ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਚੁੱਕਿਆ ਗਿਆ ਅਤੇ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਗਈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਵੰਦਨਾ ਚੌਹਾਨ ਨੇ ਸਿਫ਼ਰ ਕਾਲ ਦੌਰਾਨ ਇਸ ਮੁੱਦੇ ‘ਤੇ ਚੁੱਕਦੇ ਹੋਏ ਕਿਹਾ ਕਿ ਔਰਤਾਂ ਅਤੇ ਬੱਚਿਆਂ ਦੇ ਪ੍ਰਤੀ ਹਿੰਸਾ ‘ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ ਅਤੇ ਨਵੇਂ-ਨਵੇਂ ਤਰੀਕੇ ਦੀ ਹਿੰਸਾ ਸਾਹਮਣੇ ਆ ਰਹੀ ਹੈ। ਇਸੇ ਕ੍ਰਮ ‘ਚ ਬੀੜ ‘ਚ ਗੰਨੇ ਦੇ ਖੇਤਾਂ ‘ਚ ਕੰਮ ਕਰਨ ਵਾਲੀਆਂ ਮਹਿਲਾ ਮਜ਼ਦੂਰਾਂ ਦੀ ਬੱਚੇਦਾਨੀ ਕੱਢਵਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਜੋ ਬਹੁਤ ਹੀ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ 20 ਤੋਂ 30 ਸਾਲ ਦੀਆਂ ਮਹਿਲਾ ਮਜ਼ਦੂਰਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਹਨ, ਜਿਸ ਨੂੰ ਠੇਕੇਦਾਰਾਂ ਨੇ ਅੰਜਾਮ ਦਿੱਤਾ ਹੈ।
ਕਾਂਗਰਸ ਦੀ ਕੁਮਾਰੀ ਸੈਲਜਾ ਨੇ ਉੱਤਰ ਪ੍ਰਦੇਸ਼ ‘ਚ ਇਕ ਵਿਧਾਇਕ ਦੀ ਬੇਟੀ ਦੇ ਅੰਤਰਜਾਤੀ ਵਿਆਹ ਕਰਨ ਦੇ ਮੁੱਦੇ ਨੂੰ ਚੁਕਦੇ ਹੋਏ ਕਿਹਾ ਕਿ ਅੰਤਰਜਾਤੀ ਵਿਆਹ ਕਾਰਨ ਪੂਰੇ ਦੇਸ਼ ‘ਚ ਹਿੰਸਾ ਹੁੰਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ, ਪੰਜਾਬ ਅਤੇ ਹਰਿਆਣਾ ‘ਚ ਵੀ ਇਸੇ ਨੂੰ ਲੈ ਕੇ ਹਿੰਸਾ ਹੋ ਚੁਕੀ ਹੈ। ਅੰਤਰਜਾਤੀ ਵਿਆਹ ‘ਚ ਜੇਕਰ ਇਕ ਵਿਅਕਤੀ ਦਲਿਤ ਪਰਿਵਾਰ ਤੋਂ ਹੈ ਤਾਂ ਮਾਮਲਾ ਹੋਰ ਗੰਭੀਰ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਜੋੜੇ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ ਗਈ ਹੈ ਅਤੇ ਸੁਰੱਖਿਆ ਗ੍ਰਹਿ ਬਣਾਉਣ ਲਈ ਕਿਹਾ ਗਿਆ ਸੀ ਪਰ ਜ਼ਿਆਦਾਤਰ ਰਾਜਾਂ ‘ਚ ਅਜਿਹੀ ਵਿਵਸਥਾ ਨਹੀਂ ਹੈ।
ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖਾਨ ਨੇ ਘੱਟ ਗਿਣਤੀਆਂ ਦੇ ਪ੍ਰਧਾਨ ਮੰਤਰੀ 15 ਸੂਤਰੀ ਪ੍ਰੋਗਰਾਮ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ‘ਚ 6 ਸੂਤਰ ਸਿੱਖਿਆ ਨਾਲ ਸੰਬੰਧਤ, 4 ਸੂਤਰ ਰੋਜ਼ਗਾਰ ਨਾਲ ਸੰਬੰਧਤ, 2 ਸੂਤਰ ਜੀਵਨ ਬਿਤਾਉਣ ਨਾਲ ਸੰਬੰਧਤ ਅਤੇ 3 ਸੂਤਰ ਫਿਰਕਾਪ੍ਰਸਤੀ ਦੀ ਸਥਿਤੀ ‘ਚ ਮਦਦ ਨਾਲ ਸੰਬੰਧਤ ਹਨ। ਇਸ ਦੀ ਨਿਗਰਾਨੀ ਲਈ ਜ਼ਿਲਾ ਪੱਧਰ, ਰਾਜ ਪੱਧਰ ਅਤੇ ਕੇਂਦਰੀ ਪੱਧਰ ‘ਤੇ ਕਮੇਟੀਆਂ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2014 ‘ਚ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ 7 ਜ਼ਿਲਿਆਂ ਦੀਆਂ ਕਮੇਟੀਆਂ ‘ਚ ਉਨ੍ਹਾਂ ਨੂੰ ਮੈਂਬਰ ਬਣਾਇਆ ਗਾ ਸੀ ਪਰ ਹਾਲੇ ਤੱਕ ਕਿਸੇ ਵੀ ਕਮੇਟੀ ਦੀ ਇਕ ਵੀ ਬੈਠਕ ਲਈ ਉਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਹੈ, ਜਦੋਂ ਕਿ ਜ਼ਿਲਾ ਪੱਧਰੀ ਕਮੇਟੀ ਦੀ ਤਿਮਾਹੀ ਬੈਠਕ ਦਾ ਪ੍ਰਬੰਧ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਥਿਤੀ ‘ਚ ਸਰਕਾਰ ਨੂੰ ਇਸ 15 ਸੂਤਰੀ ਪ੍ਰੋਗਰਾਮ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਜਾਂ ਇਸ ਨੂੰ ਸਰਗਰਮੀ ਨਾਲ ਸੰਚਾਲਤ ਕਰਨਾ ਚਾਹੀਦਾ।