ਪਾਕਿ ’ਚ ਗਰਮਖਿਆਲੀ ਏਜੰਡੇ ਲਈ ਉਕਸਾਏ ਜਾਂਦੇ ਨੇ ਸਿੱਖ ਸ਼ਰਧਾਲੂ

ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿੱਤਾ ਹੈ ਕਿ ਸਾਲ ਵਿਚ 4 ਵਾਰ ਪਾਕਿ ਜਾਣ ਵਾਲੇ ਸਿੱਖ ਤੀਰਥ ਯਾਤਰੀਆਂ ਨੂੰ ਲਗਾਤਾਰ ਭਾਰਤ ਵਿਰੋਧੀ ਪ੍ਰਚਾਰ ਅਤੇ ਖਾਲਿਸਤਾਨ ਏਜੰਡੇ ਦੇ ਲਈ ਉਕਸਾਇਆ ਜਾਂਦਾ ਹੈ। ਪਾਕਿਸਤਾਨ ਨੂੰ ਸੌਂਪੇ ਡੋਜ਼ੀਅਰ ‘ਚ ਭਾਰਤ ਨੇ ਕਿਹਾ ਕਿ ਉੱਥੋਂ ਦੇ ਇਕ ਸੰਘੀ ਮੰਤਰੀ ਨੇ ਹਿਜ਼ਬੁਲ ਮੁਜਾਹਦੀਨ ਦੇ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਦੀ ਤਾਰੀਫ ਕੀਤੀ ਅਤੇ ਸਿੱਖ ਸ਼ਰਧਾਲੂਆਂ ਨੂੰ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਅਤੇ ਕਸ਼ਮੀਰੀਆਂ ਦੇ ਨਾਲ ‘ਗੁਲਾਮ’ ਦੀ ਤਰ੍ਹਾਂ ਵਿਵਹਾਰ ਕਰਦੀ ਹੈ।
ਡੋਜ਼ੀਅਰ ’ਚ ਕਿਹਾ ਗਿਆ ਕਿ ‘ਧਾਰਮਿਕ ਸਥਾਨਾਂ ’ਤੇ ਜਾਣ ਵਾਲੇ 1974 ਦੇ ਦੋ ਪੱਖੀ ਪ੍ਰੋਟੋਕਾਲ’ ਦੇ ਤਹਿਤ ਭਾਰਤੀ ਸਿੱਖ ਜਥਾ ਸਾਲ ’ਚ 4 ਵਾਰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਕਰਦਾ ਹੈ। ਦੋ ਪੱਖੀ ਵਿਵਸਥਾ ਦੇ ਉਦੇਸ਼ਾਂ ਦੇ ਉਲਟ ਅਤੇ ਯਾਤਰਾ ਦੀ ਭਾਵਨਾ ਦੇ ਖਿਲਾਫ ਸਿੱਖ ਸ਼ਰਧਾਲੂਆਂ ਨੂੰ ਲਗਾਤਾਰ ਭਾਰਤ ਵਿਰੋਧੀ ਪ੍ਰਚਾਰ ਅਤੇ ਖਾਲਿਸਤਾਨ ਏਜੰਡੇ ਦੇ ਲਈ ਉਕਸਾਇਆ ਜਾਂਦਾ ਹੈ। ਇਸ ‘ਚ ਕਿਹਾ ਗਿਆ ਹੈ, ‘‘ਬਦਕਿਸਮਤੀ ਨਾਲ, ਧਾਰਮਿਕ ਪ੍ਰੋਗਰਾਮਾਂ ਦੇ ਦੌਰਾਨ ਇਸ ਤਰ੍ਹਾਂ ਦਾ ਮਾੜਾ ਪ੍ਰਚਾਰ ਕੀਤਾ ਜਾਂਦਾ ਹੈ । ਇਹ ਧਾਰਮਿਕ ਪ੍ਰੋਗਰਾਮ ਪਾਕਿਸਤਾਨ ਦੇ ਵਿਸਥਾਪਿਤ ਟਰੱਸਟ ਪ੍ਰਾਪਰਟੀ ਬੋਰਡ ਦੇ ਵੱਲੋਂ ਆਯੋਜਿਤ ਕੀਤੇ ਜਾਂਦੇ ਹਨ ਅਤੇ ਧਾਰਮਿਕ ਪ੍ਰਵਚਨਾਂ ’ਤੇ ਧਿਆਨ ਕੇਂਦਰਤ ਕਰਨ ਦੀ ਬਜਾਏ ਇਸਦਾ ਇਸਤੇਮਾਲ ਖਾਲਿਸਤਾਨੀ ਏਜੰਡੇ ਨੂੰ ਹੱਲਾ-ਸ਼ੇਰੀ ਦੇਣ ਦੇ ਲਈ ਕੀਤਾ ਜਾਂਦਾ ਹੈ।’’ ਇਸ ਡੋਜ਼ੀਅਰ ‘ਚ ਹਾਲ ਹੀ ਦੇ ਸਾਲਾਂ ‘ਚ ਜਥਿਆਂ ਨੂੰ ਪਾਕਿਸਤਾਨ ਦੌਰੇ ਦੌਰਾਨ ਭਾਰਤ ਵਿਰੋਧੀ ਪ੍ਰਚਾਰ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਭਾਰਤ ਸਰਕਾਰ ਨੇ ਇਸ ਡੋਜ਼ੀਅਰ ‘ਚ ਕਿਹਾ ਹੈ ਕਿ 2016 ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੌਰਾਨ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਅਤੇ ਸਦਭਾਵ ਦੇ ਸੰਘੀ ਮੰਤਰੀ ਸਰਦਾਰ ਸਲੋਹੱਮਦ ਯੂਸਫ ਨੇ ਗੁਰਦੁਆਰਾ ਨਨਕਾਣਾ ਸਾਹਿਬ ‘ਚ ਮੁੱਖ ਸਮਾਰੋਹ ਦੌਰਾਨ ਆਪਣੇ ਸੰਬੋਧਨ ‘ਚ ਬੁਰਹਾਨ ਵਾਨੀ ਦੀ ਤਾਰੀਫ ਕੀਤੀ।